ਪੰਜਾਬ ਕੇਂਦਰੀ ’ਵਰਸਿਟੀ ਦੇ 17ਵੇਂ ਸਥਾਪਨਾ ਦਿਹਾੜੇ ’ਤੇ ਕਰਵਾਇਆ ਸਮਾਗਮ
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 17ਵੇਂ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਪ੍ਰੋਗਰਾਮ ਕਰਵਾਇਆ
Publish Date: Sun, 01 Mar 2026 04:45 PM (IST)
Updated Date: Mon, 02 Mar 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਬਠਿੰਡਾ ਨੇ ਆਪਣਾ 17ਵਾਂ ਸਥਾਪਨਾ ਦਿਵਸ ਚਾਂਸਲਰ ਪ੍ਰੋ. ਜਗਬੀਰ ਸਿੰਘ ਦੀ ਸਰਪ੍ਰਸਤੀ ਅਤੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ ਤਿਵਾਰੀ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਪ੍ਰੋਗਰਾਮ ਨਾਲ ਮਨਾਇਆ। ਇਸ ਮੌਕੇ ਪਦਮਸ਼੍ਰੀ ਪ੍ਰੋ. ਹਰਸ਼ ਕੇ. ਗੁਪਤਾ, ਐਮੇਰਿਟਸ ਵਿਗਿਆਨੀ, ਸੀਐਸਆਈਆਰ-ਐੱਨਜੀਆਰਆਈ, ਹੈਦਰਾਬਾਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਕੇਂਦਰੀ ਯੂਨੀਵਰਸਿਟੀ ਆਂਧਰਾ ਪ੍ਰਦੇਸ਼ ਦੇ ਵਾਈਸ-ਚਾਂਸਲਰ ਪ੍ਰੋ. ਐਸਏ ਕੋਰੀ ਵਿਸ਼ੇਸ਼ ਮਹਿਮਾਨ ਰਹੇ। ਸਮਾਗਮ ਦੌਰਾਨ ਵਿਦਿਆਰਥੀਆਂ, ਅਧਿਆਪਕਾਂ, ਖੋਜਾਰਥੀਆਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਵਿਭਿੰਨ ਖੇਤਰਾਂ ’ਚ ਕੀਤੇ ਗਏ ਸ੍ਰੇਸ਼ਠ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਯੂਨੀਵਰਸਿਟੀ ਗੀਤ ਤੇ ਵੰਦੇ ਮਾਤਰਮ ਨਾਲ ਹੋਈ। ਇਸ ਤੋਂ ਬਾਅਦ ਪ੍ਰੋ. ਫੈਲਿਕਸ ਬਾਸਤ ਨੇ ਯੂਨੀਵਰਸਿਟੀ ਦੀ 17 ਸਾਲਾਂ ਦੀ ਤਰੱਕੀ ਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਪੇਸ਼ਕਾਰੀ ਦਿੱਤੀ। ਆਪਣੇ ਸਥਾਪਨਾ ਦਿਹਾੜਾ ਸੰਬੋਧਨ ’ਚ ਪਦਮਸ਼੍ਰੀ ਪ੍ਰੋ. ਹਰਸ਼ ਕੇ. ਗੁਪਤਾ ਨੇ ਅਰਥ ਸਾਇੰਸ ਖੇਤਰ ’ਚ ਜੀਵਨ ਯਾਤਰਾ ਸਾਂਝੀ ਕਰਦਿਆਂ ਭਾਰਤ ਵਿਚ ਭੂ-ਭੌਤਿਕੀ ਖੋਜ ਦੇ ਵਿਕਾਸ ਵਿਚ ਆਪਣੇ ਮਹੱਤਵਪੂਰਨ ਯੋਗਦਾਨਾਂ ਦਾ ਜ਼ਿਕਰ ਕੀਤਾ। ਸਥਾਪਨਾ ਦਿਵਸ ਸਮਾਗਮ ਦੌਰਾਨ ਵੱਖ-ਵੱਖ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ। ਚਾਂਸਲਰ ਐਵਾਰਡ (ਸਰਵੋਤਮ ਪੀਐਚ.ਡੀ. ਵਿਦਿਆਰਥੀ) ਨਰੇਸ਼ ਪ੍ਰਜਾਪਤੀ ਨੂੰ ਦਿੱਤਾ ਗਿਆ। ਵਾਈਸ-ਚਾਂਸਲਰ ਐਵਾਰਡ (ਸਰਬੋਤਮ ਪੀਜੀ ਵਿਦਿਆਰਥੀ) ਪੁਰਸ਼ ਵਰਗ ਵਿਚ ਅਤੁਲ ਗੌਰ ਅਤੇ ਮਹਿਲਾ ਵਰਗ ਵਿਚ ਸੁਸ਼੍ਰੀ ਸ਼ੁਚੀ ਅਰੋੜਾ ਨੂੰ ਮਿਲਿਆ। ਸਰਵੋਤਮ ਅਧਿਆਪਕ ਐਵਾਰਡ ਕੰਪਿਊਟਰ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਪ੍ਰੋ. ਅਮਨਦੀਪ ਕੌਰ ਨੂੰ ਪ੍ਰਦਾਨ ਕੀਤਾ ਗਿਆ, ਜਦਕਿ ਗੈਰ-ਅਧਿਆਪਕ ਕਰਮਚਾਰੀਆਂ ਅਮਰੀਕ ਸਿੰਘ, ਇੰਜੀਨੀਅਰ ਪੁਨੀਤ ਸਿੰਘ ਤੇ ਇਕਬਾਲ ਸਿੰਘ ਨੂੰ ਵੀ ਵੱਖ-ਵੱਖ ਸ਼੍ਰੇਣੀਆਂ ’ਚ ਸਨਮਾਨਿਤ ਕੀਤਾ ਗਿਆ। ਸੀ.ਯੂ. ਪੰਜਾਬ ਆਉਟਸਟੈਂਡਿੰਗ ਰਿਸਰਚ ਐਵਾਰਡ–2025 ਡਾ. ਰਾਹੁਲ ਦੇਸ਼ਮੁੱਖ (ਵਿਗਿਆਨ ਸ਼੍ਰੇਣੀ) ਤੇ ਪ੍ਰੋ. ਆਨੰਦ ਠਾਕੁਰ (ਸਮਾਜਿਕ ਵਿਗਿਆਨ ਸ਼੍ਰੇਣੀ) ਨੂੰ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ 26 ਫੈਕਲਟੀ ਮੈਂਬਰਾਂ ਨੂੰ ਉੱਚ ਪ੍ਰਭਾਵ ਵਾਲੇ ਜਰਨਲਾਂ ਵਿੱਚ ਪ੍ਰਕਾਸ਼ਨ ਅਤੇ ਵੱਡੇ ਖੋਜ ਅਨੁਦਾਨ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਪੀਐਚ.ਡੀ. ਵਿਦਿਆਰਥੀਆਂ ਤੇ ਮਹਿਲਾ ਵਿਗਿਆਨੀਆਂ ਨੂੰ ਵੀ ਵਿਸ਼ੇਸ਼ ਪੁਰਸਕਾਰ ਦਿੱਤੇ।