‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਲਾਇਆ ਜਾਗਰੂਕਤਾ ਕੈਂਪ
ਸਲੱਮ ਏਰੀਆ ਡਿਸਪੈਂਸਰੀ ਵਿਖੇ “ਬੇਟੀ ਬਚਾਓ, ਬੇਟੀ ਪੜ੍ਹਾਓ” ਜਾਗਰੂਕਤਾ ਕੈਂਪ ਲਾਇਆ
Publish Date: Sun, 01 Mar 2026 04:41 PM (IST)
Updated Date: Mon, 02 Mar 2026 04:02 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਤੇ ਐੱਸਐੱਮਓ ਡਾ. ਸ਼ੈਲੀ ਅਰੋੜਾ ਦੀ ਅਗਵਾਈ ਹੇਠ ਬਲਾਕ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ ‘ਬੇਟੀ ਬਚਾਓ ਬੇਟੀ ਪੜ੍ਹਾਓ’ ਵਿਸ਼ੇ ’ਤੇ ਜਾਗਰੂਕਤਾ ਸਰਗਰਮੀਆਂ ਕਰਵਾਈਆਂ ਗਈਆਂ। ਇਸੇ ਲੜੀ ਤਹਿਤ ਸਲੱਮ ਏਰੀਆ ਡਿਸਪੈਂਸਰੀ ਰਾਮਪੁਰਾ ਪਿੰਡ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਦੌਰਾਨ ਸਿਹਤ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ’ਚ ਅਜੇ ਵੀ ਕੁਝ ਪਰਿਵਾਰ ਪੁੱਤਰ ਪ੍ਰਧਾਨ ਸੋਚ ਦੇ ਟ੍ਰੈਪ ’ਚ ਫਸੇ ਹੋਏ ਹਨ। ਪੁੱਤਰ ਨੂੰ ਵੰਸ਼ ਚਲਾਉਣ ਵਾਲਾ ਤੇ ਬੁਢਾਪੇ ਦਾ ਸਹਾਰਾ ਸਮਝਿਆ ਜਾਂਦਾ ਹੈ, ਜਦਕਿ ਧੀ ਨੂੰ ਬੋਝ ਮੰਨਣੀ ਸੋਚ ਅਨਿਆਇਕ ਤੇ ਮਨੁੱਖੀ ਅਧਿਕਾਰਾਂ ਦੇ ਖ਼ਿਲਾਫ਼ ਹੈ। ਲਿੰਗ ਚੋਣ ਜਾਂਚ ਅਤੇ ਭਰੂਣ ਹੱਤਿਆ ਵਰਗੀਆਂ ਕੁਰਿਤੀਆਂ ਸਮਾਜ ਲਈ ਕਲੰਕ ਹਨ। ਸਿਹਤ ਕਰਮਚਾਰੀ ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਸਮਾਜ ’ਚ ਨਾਰੀ ਦੀ ਭੂਮਿਕਾ ਅਟੱਲ ਹੈ। ਧੀ ਹੀ ਅੱਗੇ ਚੱਲ ਕੇ ਮਾਂ, ਅਧਿਆਪਕਾ, ਡਾਕਟਰ, ਵਿਗਿਆਨਕ ਤੇ ਨੇਤਰੀ ਵਜੋਂ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਉਂਦੀ ਹੈ। ਏਐੱਨਐੱਮ ਕਮਲਦੀਪ ਕੌਰ ਨੇ ਕਿਹਾ ਕਿ ਪੀਸੀਪੀਐਨਡੀਟੀ ਐਕਟ ਲਾਗੂ ਹੋਣ ਤੋਂ ਬਾਅਦ ਲਿੰਗ ਅਨੁਪਾਤ ਵਿਚ ਕੁਝ ਸੁਧਾਰ ਆਇਆ ਹੈ, ਪਰ ਹਾਲਾਤ ਅਜੇ ਵੀ ਚਿੰਤਾਜਨਕ ਹਨ। ਇਸ ਮੌਕੇ ਏਐੱਨਐੱਮ ਕਰਮਜੀਤ ਕੌਰ ਨੇ ਕਿਹਾ ਕਿ ਲੜਕੀਆਂ ਨੂੰ ਜਨਮ ਤੋਂ ਹੀ ਪੂਰਾ ਪੋਸ਼ਣ ਤੇ ਸਿਹਤ ਸਹੂਲਤਾਂ ਮਿਲਣੀਆਂ ਲਾਜ਼ਮੀ ਹਨ। ਗਰਭਵਤੀਆਂ ਦੀ ਦੇਖਭਾਲ, ਬੱਚੀਆਂ ਦਾ ਟੀਕਾਕਰਨ ਤੇ ਪੋਸ਼ਣ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕੈਂਪ ਦੌਰਾਨ ਹਰਪਾਲ ਕੌਰ, ਸਿਮਰਜੀਤ ਕੌਰ, ਵੀਰਪਾਲ ਕੌਰ ਤੇ ਚੰਚਲ ਸਮੇਤ ਹੋਰ ਆਸ਼ਾ ਵਰਕਰ ਵੀ ਹਾਜ਼ਰ ਸਨ।