3 ਤਕ ਤਨਖਾਹਾਂ ਫ਼ਿਕਸ ਨਾ ਹੋਈਆਂ ਤਾਂ ਘੇਰਾਂਗੇ ਡੀਪੀਆਈ ਦਫ਼ਤਰ
3 ਮਾਰਚ ਤਕ ਤਨਖਾਹਾਂ ਫ਼ਿਕਸ ਨਹੀਂ ਹੁੰਦੀਆਂ ਤਾਂ ਘੇਰਿਆ ਜਾਵੇਗਾ ਡੀਪੀਆਈ ਦਫ਼ਤਰ
Publish Date: Sat, 28 Feb 2026 05:51 PM (IST)
Updated Date: Sun, 01 Mar 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਹਾਈ ਕੋਰਟ ਦੇ ਹੁਕਮਾਂ ਨੂੰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਈਟੀਟੀ 6635 ਅਧਿਆਪਕਾਂ ਦੀਆਂ ਤਨਖਾਹਾਂ ਫ਼ਿਕਸ ਨਾ ਹੋਣ ਕਾਰਨ ਲਗਾਤਾਰ ਦੇਰੀ ਨਾਲ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਈਟੀਟੀ 6635 ਅਧਿਆਪਕ ਯੂਨੀਅਨ ਵੱਲੋਂ ਗੰਭੀਰ ਚਿੰਤਾ ਜਤਾਈ ਗਈ ਹੈ। ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਬਲਾਕ ਦਫ਼ਤਰਾਂ ਵੱਲੋਂ ਜ਼ਿਲ੍ਹਾ ਦਫ਼ਤਰਾਂ ਦੇ ਹੁਕਮਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਅਤੇ ਸਮੇਂ ਸਿਰ ਤਾਲਮੇਲ ਕਰਕੇ ਸਹੀ ਰਿਪੋਰਟਾਂ ਪੇਸ਼ ਨਹੀਂ ਕੀਤੀਆਂ ਜਾ ਰਹੀਆਂ, ਜਿਸ ਕਾਰਨ ਤਨਖਾਹਾਂ ਦੇ ਮਾਮਲੇ ਵਿਚ ਲਗਾਤਾਰ ਰੁਕਾਵਟ ਆ ਰਹੀ ਹੈ। ਆਗੂਆਂ ਦਾ ਕਹਿਣਾ ਹੈ ਕਿ ਉਹ ਵਾਰ-ਵਾਰ ਬਲਾਕ ਅਤੇ ਜ਼ਿਲ੍ਹਾ ਦਫ਼ਤਰਾਂ ਦੇ ਚੱਕਰ ਲਾ ਕੇ ਹੰਭ ਚੁੱਕੇ ਹਨ। ਇਸ ਤੋਂ ਪਹਿਲਾਂ ਦੋ ਵਾਰ ਡਾਇਰੈਕਟਰ ਸਿੱਖਿਆ ਵਿਭਾਗ (ਐਲੀਮੈਂਟਰੀ ਸਿੱਖਿਆ) ਹਰਕੀਰਤ ਕੌਰ ਚਾਨੇ ਨੂੰ ਮਿਲ ਕੇ ਮੰਗ ਪੱਤਰ ਵੀ ਦਿੱਤਾ ਜਾ ਚੁੱਕਿਆ ਹੈ, ਪਰ ਇਕ ਮਹੀਨਾ ਬੀਤਣ ਦੇ ਬਾਵਜੂਦ ਵੀ ਕੋਈ ਢੰਗ ਦਾ ਹੱਲ ਨਹੀਂ ਨਿਕਲਿਆ। ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਆਨਲਾਈਨ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਹੈ ਕਿ ਜੇਕਰ 3 ਮਾਰਚ 2026 ਤੱਕ ਕੋਈ ਸਾਰਥਕ ਹੱਲ ਨਾ ਕੱਢਿਆ ਗਿਆ ਤਾਂ 5 ਮਾਰਚ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਦੇ ਦਫ਼ਤਰ ਅੱਗੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸ਼ਲਿੰਦਰ ਕੰਬੋਜ਼, ਕੁਲਦੀਪ ਖੋਖਰ, ਨਿਰਮਲ ਜ਼ੀਰਾ, ਰਵਿੰਦਰ ਕੰਬੋਜ, ਰਾਜ ਸੁਖਵਿੰਦਰ ਸਿੰਘ, ਜੱਗਾ ਬੋਹਾ, ਮਨਦੀਪ ਬਟਾਲਾ, ਬੂਟਾ ਮਾਨਸਾ, ਦੇਸ ਰਾਜ, ਸੁਮਿਤ ਕੰਬੋਜ਼, ਦਾਨਿਸ਼ ਭੱਟੀ ਅਤੇ ਦੀਪ ਬਨਾਰਸੀ ਸਮੇਤ ਹੋਰ ਆਗੂ ਹਾਜ਼ਰ ਰਹੇ।