ਬੇਅਦਬੀ ਮਾਮਲਿਆਂ ‘ਚ ਸਖ਼ਤ ਕਾਨੂੰਨ ਦੀ ਮੰਗ: ਬੀਕੇਯੂ ਸਿੱਧੂਪੁਰ ਵੱਲੋਂ ਜ਼ਿਲ੍ਹੇ ਦੇ ਚਾਰ ਟੋਲ ਪਲਾਜ਼ੇ ਅਣਮਿਥੇ ਸਮੇਂ ਲਈ ਫ੍ਰੀ
ਬੇਅਦਬੀ ਮਾਮਲਿਆਂ ‘ਚ ਸਖ਼ਤ ਕਾਨੂੰਨ ਦੀ ਮੰਗ: ਬੀਕੇਯੂ ਸਿੱਧੂਪੁਰ ਵੱਲੋਂ ਜ਼ਿਲ੍ਹੇ ਦੇ ਚਾਰ ਟੋਲ ਪਲਾਜ਼ੇ ਅਣਮਿਥੇ ਸਮੇਂ ਲਈ ਫ੍ਰੀ
Publish Date: Fri, 27 Feb 2026 07:31 PM (IST)
Updated Date: Sat, 28 Feb 2026 04:05 AM (IST)

* ਕਿਸਾਨਾਂ ਨੇ ਟੋਲ ਪਲਾਜ਼ਿਆਂ ’ਤੇ ਲਾਏ ਧਰਨੇ, ਸਰਕਾਰ ਵੱਲੋਂ ਛੇਤੀ ਕਾਰਵਾਈ ਨਾ ਕਰਨ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਫੋਟੋ:3,4 ਕੈਪਸ਼ਨ: ਸਮਾਣਾ ਟਾਵਰ ਮੋਰਚੇ ਦੀ ਹਮਾਇਤ ਵਿਚ ਜ਼ਿਲ੍ਹੇ ਅੰਦਰ ਟੋਲ ਪਲਾਜੇ ’ਤੇ ਧਰਨਾ ਦਿੰਦੇ ਹੋੲ ਕਿਸਾਨ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸਮਾਣਾ ’ਚ ਚੱਲ ਰਹੇ ਟਾਵਰ ਮੋਰਚੇ ਦੇ ਸਮਰਥਨ ’ਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਅੱਜ ਜ਼ਿਲ੍ਹਾ ਬਠਿੰਡਾ ਦੇ ਚਾਰ ਅਹਿਮ ਟੋਲ ਪਲਾਜ਼ਿਆਂ ਨੂੰ ਦੁਪਹਿਰ 12 ਵਜੇ ਤੋਂ ਅਣਮਿਥੇ ਸਮੇਂ ਲਈ ਫ੍ਰੀ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਦ ਤੱਕ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ’ਤੇ ਸਖ਼ਤ ਕਾਨੂੰਨ ਬਣਾਉਣ ਬਾਰੇ ਠੋਸ ਕਦਮ ਨਹੀਂ ਚੁੱਕੇ ਜਾਂਦੇ, ਤਦ ਤੱਕ ਸੰਘਰਸ਼ ਜਾਰੀ ਰਹੇਗਾ। ਯੂਨੀਅਨ ਵੱਲੋਂ ਲਹਿਰਾ ਬੇਗਾ ਟੋਲ, ਤਲਵੰਡੀ ਸੇਖਪੁਰ ਟੋਲ ਪਲਾਜ਼ਾ, ਡੱਬਵਾਲੀ ਰੋਡ ’ਤੇ ਜੱਸੀ ਬਾਗ ਵਾਲਾ ਟੋਲ ਤੇ ਬਠਿੰਡਾ-ਸ੍ਰੀ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ’ਤੇ ਜੀਦਾ ਟੋਲ ਪਲਾਜ਼ਾ ਫ੍ਰੀ ਕੀਤੇ ਗਏ ਹਨ। ਟੋਲ ਪਲਾਜ਼ਿਆਂ ’ਤੇ ਵੱਡੀ ਗਿਣਤੀ ’ਚ ਕਿਸਾਨ ਇਕੱਠੇ ਹੋਏ ਅਤੇ ਵਾਹਨਾਂ ਨੂੰ ਬਿਨਾਂ ਫੀਸ ਦਿੱਤਿਆਂ ਅੱਗੇ ਜਾਣ ਦਿੱਤਾ ਗਿਆ। ਮੌਕੇ ’ਤੇ ਪੁਲਿਸ ਫੋਰਸ ਵੀ ਤਾਇਨਾਤ ਰਿਹਾ, ਹਾਲਾਂਕਿ ਮਾਹੌਲ ਸ਼ਾਂਤਮਈ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਮਾਮਲਿਆਂ ਨੇ ਸਮੂਹ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਬੇਅਦਬੀ ਵਰਗੇ ਜੁਰਮਾਂ ਨੂੰ ਰੋਕਣ ਲਈ ਸਖ਼ਤ ਤੇ ਵਿਸ਼ੇਸ਼ ਕਾਨੂੰਨ ਦੀ ਲੋੜ ਹੈ ਤਾਂ ਜੋ ਦੋਸ਼ੀਆਂ ਨੂੰ ਕੜੀ ਸਜ਼ਾ ਮਿਲ ਸਕੇ ਅਤੇ ਭਵਿੱਖ ’ਚ ਕੋਈ ਵੀ ਅਜਿਹਾ ਘਿਨੌਣਾ ਕੰਮ ਕਰਨ ਦੀ ਹਿੰਮਤ ਨਾ ਕਰੇ। ਆਗੂਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ’ਚ ਬੇਅਦਬੀ ਮਾਮਲਿਆਂ ਸਬੰਧੀ ਸਖ਼ਤ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਬਣਨ ਤੋਂ ਬਾਅਦ ਇਸ ਮਸਲੇ ’ਤੇ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਜੇਕਰ ਸਰਕਾਰ ਨੇ ਜਲਦੀ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਸਮਾਣਾ ਵਿੱਚ ਗੁਰਦੀਪ ਸਿੰਘ ਪਿਛਲੇ ਲੰਬੇ ਸਮੇਂ ਤੋਂ ਟਾਵਰ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਗੁਰਦੀਪ ਸਿੰਘ ਦੇ ਸੰਘਰਸ਼ ਨਾਲ ਪੂਰੀ ਤਰ੍ਹਾਂ ਖੜ੍ਹੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਾਇਜ਼ ਕਰਾਰ ਦਿੰਦੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਸਲੇ ਦਾ ਤੁਰੰਤ ਹੱਲ ਕੱਢਿਆ ਜਾਵੇ। ਟੋਲ ਪਲਾਜ਼ਿਆਂ ‘ਤੇ ਮੌਜੂਦ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਰਾਜਨੀਤਕ ਲਾਭ ਲਈ ਨਹੀਂ, ਸਗੋਂ ਧਾਰਮਿਕ ਅਸੂਲਾਂ ਅਤੇ ਭਾਵਨਾਵਾਂ ਦੀ ਰੱਖਿਆ ਲਈ ਲੜਿਆ ਜਾ ਰਿਹਾ ਹੈ। ਦੂਜੇ ਪਾਸੇ ਟੋਲ ਫ੍ਰੀ ਹੋਣ ਕਾਰਨ ਰਾਹਗੀਰਾਂ ਅਤੇ ਡਰਾਈਵਰਾਂ ਨੂੰ ਰਾਹਤ ਮਿਲੀ, ਪਰ ਕੁਝ ਥਾਵਾਂ ‘ਤੇ ਵਾਹਨਾਂ ਦੀ ਲੰਮੀ ਕਤਾਰ ਵੀ ਦੇਖਣ ਨੂੰ ਮਿਲੀ। ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਕਿਸਾਨ ਆਗੂਆਂ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਅਤੇ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਅੰਤ ਵਿੱਚ ਦੁਹਰਾਇਆ ਕਿ ਜਦੋਂ ਤੱਕ ਬੇਅਦਬੀ ਕਰਨ ਵਾਲਿਆਂ ਲਈ ਸਖ਼ਤ ਕਾਨੂੰਨ ਨਹੀਂ ਬਣਦਾ ਅਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ, ਤਦ ਤੱਕ ਇਹ ਅਣਮਿਥਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਸਮੂਹ ਕਿਸਾਨਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਸਨਮਾਨ ਦੀ ਰੱਖਿਆ ਲਈ ਚੱਲ ਰਹੇ ਇਸ ਅੰਦੋਲਨ ’ਚ ਆਪਣਾ ਸਹਿਯੋਗ ਦੇਣ।