ਅਧਿਆਪਕਾਂ ਨੂੰ ਸਕੂਲ ’ਚ ਬੰਦ ਕਰ ਕੇ ਮਾਪਿਆਂ ਨੇ ਕੀਤਾ ਪ੍ਰਦਰਸ਼ਨ
ਸਕੂਲ ਵਿਚ ਅਧਿਆਪਕਾਂ ਨੂੰ ਅੰਦਰ ਬੰਦ ਕਰ ਮਾਪਿਆਂ ਦਾ ਰੋਸ ਪ੍ਰਦਰਸ਼ਨ
Publish Date: Fri, 27 Feb 2026 07:09 PM (IST)
Updated Date: Sat, 28 Feb 2026 04:05 AM (IST)

* ਕਿਤਾਬਾਂ ਦੇ ਭੰਡਾਰਨ ‘ਤੇ ਉਠੇ ਸਵਾਲ ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ ਗੋਨਿਆਣਾ : ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਅੱਜ ਮਾਪਿਆਂ ਨੇ ਜਿੰਦਰਾ ਲਾ ਕੇ ਬੀਪੀਓ ਤੇ ਡੀਓ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਕੂਲ ਦੇ ਅਧਿਕਾਰੀਆਂ ਵੱਲੋਂ ਜਾਣ ਬੁਝ ਕੇ ਪ੍ਰਾਇਮਰੀ ਬਲਾਕ ਦੀਆਂ ਕਿਤਾਬਾਂ ਨੂੰ ਸਕੂਲ ’ਚ ਸਟੋਰ ਕੀਤਾ ਜਾਂਦਾ ਹੈ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਕਈ ਵਾਰ ਧਿਆਨ ’ਚ ਲਿਆਉਣ ’ਤੇ ਵੀ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਐੱਸਐੱਮਸੀ ਕਮੇਟੀ ਚੇਅਰਮੈਨ, ਮੈਂਬਰਾਂ ਤੇ ਮਾਪਿਆਂ ਨੇ ਕਿਹਾ ਕਿ ਉਕਤ ਸਕੂਲ ’ਚ ਵੱਖ-ਵੱਖ ਸਕੂਲਾਂ ਦੀਆਂ ਵੱਡੀ ਗਿਣਤੀ ’ਚ ਕਿਤਾਬਾਂ ਰੱਖੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਸਪਲਾਈ ਪੂਰੇ ਗੋਨਿਆਣਾ ਬਲਾਕ ਦੇ ਸਕੂਲਾਂ ’ਚ ਕੀਤੀ ਜਾਂਦੀ ਹੈ। ਇਸ ਕਾਰਨ ਬੱਚਿਆਂ ਲਈ ਬੈਠਣ ਦੀ ਥਾਂ ਘੱਟ ਰਹਿ ਜਾਂਦੀ ਹੈ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਪਿਆਂ ਨੇ ਇਹ ਵੀ ਚਿੰਤਾ ਪ੍ਰਗਟਾਈ ਕਿ ਜੇਕਰ ਕਿਤਾਬਾਂ ਦੇ ਭਾਰੀ ਬੰਡਲ ਕਿਸੇ ਛੋਟੇ ਬੱਚੇ ’ਤੇ ਡਿੱਗ ਜਾਣ ਤਾਂ ਵੱਡਾ ਹਾਦਸਾ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਕੂਲ ਤੋਂ ਕਿਤਾਬਾਂ ਦਾ ਭੰਡਾਰਨ ਤੁਰੰਤ ਹਟਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੀ ਮੀਟਿੰਗ ਦੌਰਾਨ ਐੱਸਐੱਮਸੀ ਕਮੇਟੀ ਵੱਲੋਂ ਇਕ ਮਤਾ ਵੀ ਪਾਸ ਕੀਤਾ ਗਿਆ ਸੀ ਕਿ ਇਥੋਂ ਕਿਤਾਬਾਂ ਨੂੰ ਸ਼ਿਫਟ ਕੀਤਾ ਜਾਵੇ, ਇਸ ਮੁੱਦੇ ’ਤੇ ਕਾਰਵਾਈ ਕਰਦਿਆਂ ਸਕੂਲ ਮੁਖੀ ਨੇ ਇਸ ਨੂੰ ਬੀਪੀਓ ਦੇ ਲਿਖਤੀ ਰੂਪ ਧਿਆਨ ’ਚ ਲਿਆ ਦਿੱਤਾ ਸੀ, ਪਰ ਫਿਰ ਵੀ ਉਨ੍ਹਾਂ ਉਕਤ ਕਾਰਵਾਈ ’ਤੇ ਕੋਈ ਅਮਲ ਨਹੀਂ ਕੀਤਾ। ਇਹ ਕਿਤਾਬਾਂ 69 ਸਕੂਲਾਂ ’ਚ ਭੇਜੀਆਂ ਜਾਣੀਆਂ ਹਨ ਤੇ ਰੋਜ਼ਾਨਾ ਹੀ ਕਿਸੇ ਨਾ ਕਿਸੇ ਸਕੂਲ ਵੱਲੋਂ ਇਹ ਕਿਤਾਬਾਂ ਆਪਣੇ ਸਕੂਲ ਲਈ ਲਜਾਈਆਂ ਜਾਂਦੀਆਂ ਹਨ, ਜਿਸ ਕਾਰਨ ਬੱਚਿਆਂ ਅਤੇ ਅਧਿਆਪਕਾਂ ਦਾ ਧਿਆਨ ਵੀ ਭੰਗ ਹੁੰਦਾ ਹੈ। ਇਸ ਸਬੰਧੀ ਜਦੋਂ ਪੱਤਰਕਾਰਾਂ ਦੀ ਟੀਮ ਨੇ ਉਕਤ ਮਾਮਲੇ ਨੂੰ ਕਵਰ ਕੀਤਾ ਤਾਂ ਟਰੱਕ ਕਿਤਾਬਾਂ ਨਾਲ ਭਰਿਆ ਬਾਹਰ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਡੀਈਓ ਚਮਕੌਰ ਸਿੰਘ ਨਾਲ ਗੱਲਬਾਤ ਮਗਰੋਂ ਫ਼ੈਸਲਾ ਲਿਆ ਗਿਆ ਹੈ ਕਿ ਬਾਹਰ ਖੜ੍ਹੇ ਟਰੱਕ ਨੂੰ ਨਜ਼ਦੀਕੀ ਪਿੰਡ ਭੋਖੜਾ ਦੇ ਸਕੂਲ ’ਚ ਭੇਜ ਦਿੱਤਾ ਜਾਵੇਗਾ ਅਤੇ ਹੁਣ ਇਸ ਸਕੂਲ ’ਚ ਹੋਰ ਕਿਤਾਬਾਂ ਨਹੀਂ ਲਿਆਂਦੀਆਂ ਜਾਣਗੀਆਂ। ਇਸ ਭਰੋਸੇ ਤੋਂ ਬਾਅਦ ਮਾਪੇ ਸ਼ਾਂਤ ਹੋ ਗਏ ਤੇ ਸਕੂਲ ਦਾ ਤਾਲਾ ਖੋਲ੍ਹ ਕੇ ਅਧਿਆਪਕਾਂ ਨੂੰ ਬਾਹਰ ਜਾਣ ਦਿੱਤਾ। ਮਾਪਿਆਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਨ੍ਹਾਂ ਕਿਤਾਬਾਂ ਨੂੰ ਜਲਦੀ ਨਾ ਚੁਕਵਾਇਆ ਗਿਆ ਤਾਂ ਅਸੀਂ ਆਉਣ ਵਾਲੇ ਸਮੇਂ ਵਿਚ ਪ੍ਰਦਰਸ਼ਨ ਨੂੰ ਤੇਜ਼ ਕਰਾਂਗੇ ਤੇ ਜੇਕਰ ਸਕੂਲ ਨੂੰ ਤਾਲਾਂ ਲਗਾਉਣ ਦੀ ਲੋੜ ਪਈ ਤਾਂ ਇਕ ਵਾਰ ਫਿਰ ਤਾਲਾ ਲਗਾਵਾਂਗੇ, ਜਿਸ ਦੀ ਜਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ।