ਭਾਰੀ ਮਾਤਰਾ ’ਚ ਨਾਜਾਇਜ਼ ਅਸਲੇ ਸਣੇ ਕਾਬੂ, 9 ਪਿਸਤੌਲਾਂ ਤੇ ਮੈਗਜ਼ੀਨ ਬਰਾਮਦ
ਭਾਰੀ ਮਾਤਰਾ ਨਜਾਇਜ਼ ਅਸਲੇ ਸਮੇਤ ਨੌਜਵਾਨ ਕਾਬੂ, 9 ਪਿਸਤੌਲ ਤੇ ਮੈਗਜ਼ੀਨ ਬਰਾਮਦ
Publish Date: Fri, 27 Feb 2026 07:03 PM (IST)
Updated Date: Sat, 28 Feb 2026 04:04 AM (IST)

ਫੋਟੋ:21,22,23 ਕੈਪਸ਼ਨ: ਡੀਐਸਪੀ ਸੰਦੀਪ ਸਿੰਘ ਭਾਟੀ ਬਰਾਮਦ ਕੀਤੇ ਗਏ ਅਸਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਪਸ਼ਨ: ਅਸਲ ਸਮੇਤ ਗ੍ਰਿਫ਼ਤਾਰ ਕੀਤੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲੈ ਕੇ ਜਾਂਦੀ ਹੋਈ ਪੁਲਿਸ ਕੈਪਸ਼ਨ: ਮੁਲਜ਼ਮ ਮਨਿੰਦਰ ਸਿੰਘ ਕੋਲੋ ਬਰਾਮਦ ਕੀਤੇ ਗਏ ਪਿਸਤੌਲ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਭਾਰੀ ਮਾਤਰਾ ’ਚ ਨਾਜਾਇਜ਼ ਅਸਲੇ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 9 ਪਿਸਤੌਲਾਂ ਤੇ ਮੈਗਜ਼ੀਨ ਬਰਾਮਦ ਕੀਤੇ ਹਨ। ਡੀਐੱਸਪੀ ਸੰਦੀਪ ਸਿੰਘ ਭਾਟੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮ ਦੀ ਪਛਾਣ ਮਨਿੰਦਰ ਸਿੰਘ ਉਰਫ ਸਰਪੰਚ ਵਾਸੀ ਪਿੰਡ ਰਾਜਗੜ੍ਹ ਕੁੱਬੇ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਸ਼ੱਕੀ ਪੁਰਸ਼ਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਹੀ ਇਕ ਨੌਜਵਾਨ ਪਿੱਠੂ ਬੈਗ ਪਾ ਕੇ ਰਿੰਗ ਰੋਡ ਨੇੜੇ ਖੜ੍ਹਾ ਹੋਇਆ ਸੀ। ਪੁਲਿਸ ਪਾਰਟੀ ਨੂੰ ਦੇਖ ਕੇ ਉਕਤ ਨੌਜਵਾਨ ਘਬਰਾ ਗਿਆ, ਜਿਸ ਮਗਰੋਂ ਪੁਲਿਸ ਪਾਰਟੀ ਨੇ ਉਕਤ ਨੌਜਵਾਨ ਨੂੰ ਕਾਬੂ ਕਰ ਕੇ ਜਦੋਂ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 9 ਦੇਸੀ ਰਿਵਾਲਵਰ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਅੱਠ 32 ਬੋਰ ਤੇ ਇਕ 30 ਬੋਰ ਦਾ ਰਿਵਾਲਵਰ ਬੈਗ ਵਿਚੋਂ ਮਿਲਿਆ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦਾ ਪਹਿਲਾਂ ਇੰਸਟਾਗ੍ਰਾਮ ਜ਼ਰੀਏ ਕਿਸੇ ਵਿਅਕਤੀ ਨਾਲ ਸੰਪਰਕ ਹੋਇਆ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਮਨਿੰਦਰ ਸਿੰਘ ਨਾਲ ਉਸ ਦੇ ਵਟਸਐਪ ਗਰੁੱਪ ’ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅਣਪਛਾਤੇ ਵਿਅਕਤੀ ਨੇ ਮੁਲਜ਼ਮ ਨੂੰ ਕਿਹਾ ਕਿ ਮੌੜ ਮੰਡੀ ਦੀ ਦਾਣਾ ਮੰਡੀ ’ਚ ਇਕ ਬੈਗ ਪਿਆ ਹੈ, ਜਿਸ ’ਚ ਪਿਸਤੌਲ ਹਨ। ਜੇਕਰ ਉਹ ਉਕਤ ਬੈਗ ਨੂੰ ਬਠਿੰਡਾ ਪੁੱਜਦਾ ਕਰ ਦੇਵੇਗਾ ਤਾਂ ਉਸ ਨੂੰ ਪੰਜਾਹ ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਲਾਲਚ ’ਚ ਨੌਜਵਾਨ ਨੇ ਬੈਗ ਬਠਿੰਡਾ ਪਹੁੰਚਾਉਣ ਲਈ ਹਾਂ ਕਰ ਦਿੱਤੀ। ਉਕਤ ਨੌਜਵਾਨ ਵੀਰਵਾਰ ਨੂੰ ਦਾਣਾ ਮੰਡੀ ’ਚ ਦੱਸੀ ਹੋਈ ਜਗ੍ਹਾ ਤੋਂ ਬੈਗ ਚੁੱਕ ਕੇ ਬਠਿੰਡਾ ਪਹੁੰਚ ਗਿਆ। ਉਸ ਨੂੰ ਉਕਤ ਅਣਪਛਾਤੇ ਵਿਅਕਤੀ ਨੇ ਵ੍ਹਟਸਐਪ ਰਾਹੀਂ ਉਹ ਜਗ੍ਹਾ ਦੱਸਣੀ ਸੀ, ਜਿਥੇ ਉਸ ਨੇ ਅਸਲੇ ਵਾਲਾ ਬੈਗ ਪਹੁੰਚਦਾ ਕਰਨਾ ਸੀ, ਪਰ ਪਹਿਲਾਂ ਹੀ ਉਹ ਪੁਲਿਸ ਦੇ ਹੱਥੇ ਚੜ੍ਹ ਗਿਆ। ਡੀਐੱਸਪੀ ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਵ੍ਹਟਸਐਪ ਵਾਲੇ ਨੰਬਰ ਦੀ ਜਾਂਚ ਕੀਤੀ ਜਾ ਰਹੀ ਕਿ ਉਹ ਕਿਸਦੇ ਨਾਮ ’ਤੇ ਕਿਹੜੇ ਸੂਬੇ ਜਾਂ ਸ਼ਹਿਰ ’ਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਮਾਮਲੇ ਵਿਚ ਹੋਰ ਖੁਲਾਸੇ ਹੋ ਸਕਣ।