ਬਠਿੰਡਾ ’ਚ 208.23 ਕਰੋੜ ਦਾ ਬਜਟ ਪਾਸ, ਚੋਣਾਵੀ ਮਾਹੌਲ ’ਚ ਐਲਾਨਾਂ ਦੀ ਝੜੀ
ਬਠਿੰਡਾ ਵਿੱਚ 208.23 ਕਰੋੜ ਦਾ ਬਜਟ ਪਾਸ, ਚੋਣਾਵੀ ਮਾਹੌਲ ਵਿੱਚ ਐਲਾਨਾਂ ਦੀ ਝੜੀ
Publish Date: Fri, 27 Feb 2026 04:32 PM (IST)
Updated Date: Fri, 27 Feb 2026 04:34 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸ਼ੁੱਕਰਵਾਰ ਨੂੰ ਆਪਣੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕੀਤਾ। ਬਿਨਾਂ ਕਿਸੇ ਵਿਰੋਧ ਜਾਂ ਹੰਗਾਮੇ ਦੇ ਮੇਅਰ ਨੇ ਸਾਲ 2026-27 ਲਈ ਕਰੀਬ 208.23 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜਿਸਨੂੰ ਹਾਊਸ ਦੀ ਬੈਠਕ ਵਿਚ ਮੌਜੂਦ 34 ਕੌਂਸਲਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਬਜਟ ਤੋਂ ਪਹਿਲਾਂ ਨਗਰ ਨਿਗਮ ਦੀ ਜਨਰਲ ਹਾਊਸ ਬੈਠਕ ਕੀਤੀ ਗਈ, ਜਿਸ ਵਿਚ ਸ਼ਹਿਰ ਦੇ ਵਿਕਾਸ ਲਈ ਰੱਖੇ ਗਏ ਕਈ ਅਹਿਮ ਮਤਿਆਂ ਨੂੰ ਵੀ ਬਿਨਾਂ ਕਿਸੇ ਚਰਚਾ ਦੇ ਮਨਜ਼ੂਰ ਕਰ ਦਿੱਤਾ ਗਿਆ। ਬੈਠਕ ਦਾ ਫੋਕਸ ਜਿੱਥੇ ਸ਼ਹਿਰ ਦੇ ਵਿਕਾਸ ਕਾਰਜਾਂ ‘ਤੇ ਰਿਹਾ, ਉੱਥੇ ਰਾਜਨੀਤਕ ਤੌਰ ‘ਤੇ ਇਸਨੂੰ ਚੋਣਾਵੀ ਰਣਨੀਤੀ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਬੈਠਕ ਤੋਂ ਇਕ ਦਿਨ ਪਹਿਲਾਂ ਵੀਰਵਾਰ ਸ਼ਾਮ ਆਪਣੇ ਦਫ਼ਤਰ ਵਿਚ ਸਾਰੇ ਕੌਂਸਲਰਾਂ ਨਾਲ ਪ੍ਰੀ-ਏਜੰਡਾ ਮੀਟਿੰਗ ਕਰ ਕੇ ਹਾਊਸ ਦੇ ਏਜੰਡੇ ਨੂੰ ਅੰਤਿਮ ਰੂਪ ਦਿੱਤਾ। ਇਸ ਬੈਠਕ ਵਿਚ ਇਹ ਯਕੀਨੀ ਬਣਾਇਆ ਗਿਆ ਕਿ ਕਿਸੇ ਕਿਸਮ ਦਾ ਵਿਵਾਦ ਨਾ ਹੋਵੇ ਅਤੇ ਸਾਰੇ ਕੌਂਸਲਰ ਸੰਤੁਸ਼ਟ ਦਿਖਾਈ ਦੇਣ। ਬੈਠਕ ਵਿਚ ਪ੍ਰਾਪਰਟੀ ਟੈਕਸ, ਫਾਇਰ ਸੈਸ, ਕੈਂਸਰ ਸੈਸ, ਵਿਗਿਆਪਨ ਕਰ, ਕਿਰਾਇਆ, ਤਹਿਬਾਜ਼ਾਰੀ, ਲਾਇਸੈਂਸ ਫੀਸ, ਬਿਲਡਿੰਗ ਫੀਸ ਅਤੇ ਵਿਕਾਸ ਟੈਕਸ ਸਮੇਤ 21 ਮੱਦਾਂ ਵਿਚ ਆਮਦਨ ਵਧਾਉਣ ‘ਤੇ ਖਾਸ ਜ਼ੋਰ ਦਿੱਤਾ ਗਿਆ। ਨਗਰ ਨਿਗਮ ਦਾ ਤਰਕ ਹੈ ਕਿ ਵਧੀ ਹੋਈ ਆਮਦਨ ਨਾਲ ਸ਼ਹਿਰ ਦੀਆਂ ਲੰਬਿਤ ਯੋਜਨਾਵਾਂ ਨੂੰ ਗਤੀ ਦਿੱਤੀ ਜਾ ਸਕੇਗੀ। ਵਿਕਾਸ ਯੋਜਨਾਵਾਂ ਦੀ ਲੰਬੀ ਸੂਚੀ ਅਤੇ ਵਿਰੋਧੀ ਧਿਰ ਦੀ ਗੈਰਹਾਜ਼ਰੀ ਨੇ ਇਹ ਸੰਕੇਤ ਦਿੱਤਾ ਕਿ ਸੱਤਾਧਾਰੀ ਧਿਰ ਚੋਣਾਂ ਤੋਂ ਪਹਿਲਾਂ ਵਿਕਾਸ ਨੂੰ ਮੁੱਖ ਮੱਦਾ ਬਣਾ ਕੇ ਮੈਦਾਨ ਵਿਚ ਉਤਰਣ ਦੀ ਤਿਆਰੀ ਕਰ ਚੁੱਕੀ ਹੈ। ਹੁਣ ਨਜ਼ਰਾਂ ਅਪ੍ਰੈਲ ਵਿਚ ਹੋਣ ਵਾਲੀ ਅਗਲੀ ਜਨਰਲ ਹਾਊਸ ਬੈਠਕ ‘ਤੇ ਟਿਕੀਆਂ ਹਨ, ਜਿੱਥੇ ਪ੍ਰਸਤਾਵਿਤ ਐਲਾਨਾਂ ਨੂੰ ਅੰਤਿਮ ਮਨਜ਼ੂਰੀ ਦੇ ਕੇ ਚੋਣਾਵੀ ਮਾਹੌਲ ਨੂੰ ਹੋਰ ਗਰਮਾਇਆ ਜਾਵੇਗਾ। ਚੋਣਾਵੀ ਸਾਲ ’ਚ ਵਿਕਾਸ ਦਾ ਰੋਡਮੈਪ ਬੈਠਕ ਦੌਰਾਨ ਮੇਅਰ ਨੇ ਜਾਣਕਾਰੀ ਦਿੱਤੀ ਕਿ ਨਗਰ ਨਿਗਮ ਦਾ ਮੌਜੂਦਾ ਕਾਰਜਕਾਲ 12 ਅਪ੍ਰੈਲ 2026 ਨੂੰ ਸਮਾਪਤ ਹੋਵੇਗਾ। ਇਸ ਤੋਂ ਪਹਿਲਾਂ ਇਕ ਹੋਰ ਜਨਰਲ ਹਾਊਸ ਬੈਠਕ ਬੁਲਾਈ ਜਾਵੇਗੀ, ਜਿਸ ਵਿਚ ਕਰੀਬ ਇਕ ਦਰਜਨ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਾਵੇਗਾ। ਮੇਅਰ ਨੇ ਦਾਅਵਾ ਕੀਤਾ ਕਿ ਪਿਛਲੇ ਇਕ ਸਾਲ ਵਿਚ ਨਿਗਮ ਵੱਲੋਂ ਜਾਰੀ ਫੰਡ ਤੋਂ ਇਲਾਵਾ ਰਾਜ ਸਰਕਾਰ ਤੋਂ 85 ਕਰੋੜ ਰੁਪਏ ਦਾ ਵਾਧੂ ਗ੍ਰਾਂਟ ਲਿਆ ਕੇ ਸ਼ਹਿਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦਿੱਤੀ ਗਈ ਹੈ। ਅਗਲੀ ਬੈਠਕ ਦੇ ਸੰਭਾਵਿਤ ਏਜੰਡੇ ਵਿਚ ਸ਼ਹਿਰ ਵਿੱਚ ਦੋ ਫੁੱਟਬ੍ਰਿਜ ਬਣਾਉਣ ਦਾ ਪ੍ਰਸਤਾਵ ਸ਼ਾਮਲ ਕੀਤਾ ਜਾਵੇਗਾ, ਇਕ ਹਨੂਮਾਨ ਚੌਕ ਅਤੇ ਦੂਜਾ ਪੁਰਾਣੇ ਬੱਸ ਸਟੈਂਡ ਇਲਾਕੇ ਵਿਚ ਬਣੇਗਾ। ਇਸਦੇ ਨਾਲ ਹੀ ਲਾਈਨ ਪਾਰ ਇਲਾਕੇ ਦਾ ਨਾਮ ਬਦਲ ਕੇ ‘ਗ੍ਰੇਟਰ ਬਠਿੰਡਾ’ ਕਰਨ ਦਾ ਪ੍ਰਸਤਾਵ ਵੀ ਰੱਖਿਆ ਜਾਵੇਗਾ। ਇਸ ਇਲਾਕੇ ਵਿੱਚ ਲੰਬੇ ਸਮੇਂ ਤੋਂ ਲੰਬਿਤ ਫਾਇਰ ਸਟੇਸ਼ਨ ਦੀ ਮੰਗ ਨੂੰ ਦੇਖਦੇ ਹੋਏ ਨਵਾਂ ਸਬ-ਫਾਇਰ ਸਟੇਸ਼ਨ ਸਥਾਪਿਤ ਕਰਨ ਦੀ ਯੋਜਨਾ ਬਣਾਈ ਗਈ ਹੈ। ਲਾਈਨ ਪਾਰ ਇਲਾਕੇ ਵਿੱਚ ਕਰੀਬ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਸਮੱਸਿਆ ਦੇ ਹੱਲ ਲਈ ਐਸਟੀਪੀ (ਸੀਵਰੇਜ ਟ੍ਰੀਟਮੈਂਟ ਪਲਾਂਟ) ਲਗਾਇਆ ਜਾਵੇਗਾ। ਇਸ ਖੇਤਰ ਵਿਚ ਰਾਮਬਾਗ ਦੇ ਨਿਰਮਾਣ ਦਾ ਮਤਾ ਵੀ ਅਗਲੀ ਬੈਠਕ ਵਿਚ ਸ਼ਾਮਲ ਕੀਤਾ ਜਾਵੇਗਾ। ਸਦਭਾਵਨਾ ਚੌਕ ਬਣੇਗਾ ਕਲਾਕ ਟਾਵਰ ਸ਼ਹਿਰ ਦੇ ਧੋਬੀ ਬਜ਼ਾਰ ਦੇ ਅੰਤ ਵਿਚ ਸਦਭਾਵਨਾ ਚੌਕ ਦਾ ਨਾਮ ਬਦਲ ਕੇ ‘ਕਲਾਕ ਟਾਵਰ’ ਕਰਨ ਅਤੇ ਉੱਥੇ ਆਧੁਨਿਕ ਕਲਾਕ ਟਾਵਰ ਬਣਾਉਣ ਦਾ ਐਲਾਨ ਵੀ ਕੀਤਾ ਗਿਆ। ਨਗਰ ਨਿਗਮ ਦਾ ਨਵਾਂ ਦਫ਼ਤਰ ਬਲੂ ਫੌਕਸ ਦੀ ਜ਼ਮੀਨ ‘ਤੇ ਬਣਾਉਣ ਦਾ ਮਤਾ ਰੱਖਿਆ ਗਿਆ ਹੈ। ਇਸਦੇ ਨਾਲ ਹੀ ਸ਼ਹਿਰ ਵਿਚ ਇੰਡੋਰ ਸਪੋਰਟਸ ਕੰਪਲੈਕਸ ਦੇ ਨਿਰਮਾਣ ਦੀ ਯੋਜਨਾ ਵੀ ਮੇਅਰ ਵੱਲੋਂ ਤਿਆਰ ਕੀਤੀ ਗਈ ਹੈ, ਜਿਸਨੂੰ 12 ਅਪ੍ਰੈਲ ਤੋਂ ਪਹਿਲਾਂ ਹੋਣ ਵਾਲੀ ਹਾਊਸ ਮੀਟਿੰਗ ਵਿਚ ਮਨਜ਼ੂਰੀ ਲਈ ਰੱਖਿਆ ਜਾਵੇਗਾ। 34 ਕੌਂਸਲਰਾਂ ਨੇ ਲਿਆ ਮੀਟਿੰਗ ’ਚ ਹਿੱਸਾ 50 ਮੈਂਬਰੀ ਹਾਊਸ ਵਿਚੋਂ 34 ਕੌਂਸਲਰ ਬੈਠਕ ਵਿਚ ਮੌਜੂਦ ਰਹੇ। ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਨ੍ਹਾਂ ਦੇ ਸਮਰਥਕ ਕੌਂਸਲਰਾਂ ਸਮੇਤ ਕਾਂਗਰਸ ਦੇ ਕੌਂਸਲਰ ਬੈਠਕ ਤੋਂ ਗੈਰਹਾਜ਼ਰ ਰਹੇ। ਵਿਰੋਧੀ ਧਿਰ ਦੀ ਗੈਰਹਾਜ਼ਰੀ ਨੇ ਰਾਜਨੀਤਕ ਹਲਕਿਆਂ ਵਿਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਰਾਜਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸੱਤਾਧਾਰੀ ਧਿਰ ਚੋਣਾਂ ਤੋਂ ਪਹਿਲਾਂ ਬਿਨਾਂ ਟਕਰਾਅ ਦੇ ਵਿਕਾਸ ਯੋਜਨਾਵਾਂ ਨੂੰ ਮਨਜ਼ੂਰੀ ਦੇ ਕੇ ਲੋਕਾਂ ਵਿਚ ਸਕਾਰਾਤਮਕ ਸੰਦੇਸ਼ ਦੇਣਾ ਚਾਹੁੰਦੀ ਹੈ। 17 ਸਪਲੀਮੈਂਟਰੀ ਏਜੰਡੇ ਪਾਸ ਬੈਠਕ ਵਿਚ 17 ਸਪਲੀਮੈਂਟਰੀ ਏਜੰਡੇ ਪਾਸ ਕੀਤੇ ਗਏ। ਪਹਿਲੇ ਏਜੰਡੇ ਵਿਚ 18 ਮਦ ਸ਼ਾਮਲ ਸਨ, ਜਿਨ੍ਹਾਂ ਵਿਚ ਜ਼ੋਨ-ਇਕ ਵਿਚ ਥਰਮੋਪਲਾਸਟਿਕ ਪੇਂਟਿੰਗ, ਇੰਟਰਲਾਕਿੰਗ ਟਾਈਲਾਂ, ਸੀਵਰੇਜ ਮਰੰਮਤ, ਬੱਸ ਕਿਊ-ਸ਼ੈਲਟਰ ਦੀ ਮੁਰੰਮਤ, ਮੇਲਾ ਰਾਮ ਰੋਡ ‘ਤੇ ਐਂਟਰੀ ਗੇਟ, ਪੀਐਲ ਆਰਸੀਸੀ ਗਲੀ ਨੰਬਰ-20 (ਸ਼ਿਵ ਮੰਦਰ ਨੇੜੇ), ਨਰੂਆਣਾ ਐਸਟੇਟ ਵਿਚ ਰੇਨ ਵਾਟਰ ਹਾਰਵੇਸਟਿੰਗ ਅਤੇ ਹੋਰ ਆਮ ਕਾਰਜ ਸ਼ਾਮਲ ਹਨ। ਕਲਾਥ ਮਾਰਕੀਟ ਮਾਲ ਰੋਡ ‘ਤੇ ਪਖਾਣਿਆਂ ਦੀ ਮਰੰਮਤ, ਵਕਫ਼ ਬੋਰਡ ਦੀ ਜ਼ਮੀਨ ‘ਤੇ ਬਣੇ ਨਿਰਮਾਣ ਦੀ ਲੀਜ਼ ਵਧਾਉਣ, ਸਬਜ਼ੀ ਮੰਡੀ ਤੋਂ ਦਾਣਾ ਮੰਡੀ ਜਾਣ ਵਾਲੇ ਚੌਕ ਦਾ ਨਾਮ ਮਾਰਕਫੈਡ ਚੌਂਕ ਕਰਨ ਅਤੇ ਪਾਰਕ ਨੰਬਰ-138 (ਅਜੀਤ ਰੋਡ) ਦੀਆਂ ਗਲੀਆਂ ਦਾ ਨਾਮ ਸਵਰਗਵਾਸੀ ਗੁਰਦੇਵ ਸਿੰਘ ਸਿਵੀਆਂ ਦੇ ਨਾਮ ‘ਤੇ ਰੱਖਣ ਦੇ ਮਤੇ ਵੀ ਪਾਸ ਕੀਤੇ ਗਏ। ਤਕਨਾਲੋਜੀ ‘ਤੇ ਜ਼ੋਰ, ਬਾਡੀ ਕੈਮਰੇ ਤੇ ਵਾਕੀ-ਟਾਕੀ ਖਰੀਦਣ ਦਾ ਫ਼ੈਸਲਾ ਨਿਗਮ ਕਰਮਚਾਰੀਆਂ ਅਤੇ ਸੁਪਰਵਾਈਜ਼ਰਾਂ ਦੇ ਕੰਮ ਵਿਚ ਪਾਰਦਰਸ਼ਤਾ ਲਿਆਉਣ ਲਈ ਆਧੁਨਿਕ ਤਕਨਾਲੋਜੀ ਅਪਣਾਉਣ ਦਾ ਫ਼ੈਸਲਾ ਕੀਤਾ ਗਿਆ। ਕਰੀਬ 25 ਹਜ਼ਾਰ ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਾਡੀ ਕੈਮਰੇ ਖਰੀਦੇ ਜਾਣਗੇ, ਜਿਨ੍ਹਾਂ ‘ਤੇ ਸ਼ੁਰੂਆਤੀ ਤੌਰ ‘ਤੇ ਲਗਪਗ ਸਾਢੇ ਸੱਤ ਲੱਖ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ 12.50 ਲੱਖ ਰੁਪਏ ਦੀ ਲਾਗਤ ਨਾਲ ਵਾਕੀ-ਟਾਕੀ ਸੈੱਟ ਖਰੀਦੇ ਜਾਣਗੇ, ਜਿਨ੍ਹਾਂ ਦੀ ਪ੍ਰਤੀ ਯੂਨਿਟ ਕੀਮਤ ਲਗਪਗ 25 ਹਜ਼ਾਰ ਰੁਪਏ ਦੱਸੀ ਗਈ ਹੈ। ਇਨ੍ਹਾਂ ਉਪਕਰਣਾਂ ਨਾਲ ਕਰਮਚਾਰੀਆਂ ਵਿਚ ਬਿਹਤਰ ਤਾਲਮੇਲ ਅਤੇ ਐਮਰਜੈਂਸੀ ਸਥਿਤੀ ਵਿਚ ਤੁਰੰਤ ਕਾਰਵਾਈ ਸੰਭਵ ਹੋਵੇਗੀ। ਕਰੋੜਾਂ ਦੇ ਇੰਫਰਾਸਟ੍ਰਕਚਰ ਪ੍ਰਾਜੈਕਟਾਂ ਨੂੰ ਮਨਜ਼ੂਰੀ ਫੋਕਲ ਪਾਇੰਟ, ਡੱਬਵਾਲੀ ਰੋਡ ‘ਤੇ ਕਰੀਬ 4.98 ਕਰੋੜ ਰੁਪਏ ਦੀ ਲਾਗਤ ਨਾਲ ਅੰਡਰਗ੍ਰਾਊਂਡ ਕਲੀਨ ਵਾਟਰ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ। ਜਲ ਸਪਲਾਈ ਅਤੇ ਸੈਨੀਟੇਸ਼ਨ ਦੀ ਦੇਖਭਾਲ ‘ਤੇ 3.36 ਕਰੋੜ ਰੁਪਏ ਖਰਚ ਕੀਤੇ ਜਾਣਗੇ। ਭਾਗੂ ਰੋਡ ਨੂੰ ਚੌੜਾ ਕਰਨ ਅਤੇ ਬਿਜਲੀ ਦੇ ਖੰਭੇ ਸ਼ਿਫਟ ਕਰਨ ਸਮੇਤ ਹੋਰ ਕਾਰਜਾਂ ‘ਤੇ 45.40 ਲੱਖ ਰੁਪਏ ਖਰਚ ਹੋਣਗੇ। ਨਗਰ ਨਿਗਮ ਨੇ ਲਗਭਗ ਦੋ ਏਕੜ ਜ਼ਮੀਨ ਪੁਲਿਸ ਵਿਭਾਗ ਨੂੰ ਦੇਣ ਦਾ ਮਤਾ ਵੀ ਪਾਸ ਕੀਤਾ ਹੈ, ਜਿੱਥੇ ਜਬਤ ਅਤੇ ਵਿਵਾਦਿਤ ਕਰੀਬ 1100 ਵਾਹਨ ਰੱਖੇ ਜਾ ਸਕਣਗੇ। ਸ਼ਹਿਰ ਵਿੱਚ ਕੂੜਾ ਚੁੱਕਣ ਲਈ 45 ਲੱਖ ਰੁਪਏ ਦੀ ਲਾਗਤ ਨਾਲ ਵੈਕਿਊਮ ਆਧਾਰਿਤ ਲਿਟਰ ਪਿਕਿੰਗ ਮਸ਼ੀਨ ਖਰੀਦੀ ਜਾਵੇਗੀ।