ਭੱਠਾ ਮਜ਼ਦੂਰਾਂ ਨੇ ਰੇਟ ਕਟੌਤੀ ਖ਼ਿਲਾਫ਼ ਪ੍ਰਗਟਾਇਆ ਰੋਸ, ਸੰਘਰਸ਼ ਦੀ ਚਿਤਾਵਨੀ
ਭੱਠਾ ਮਜ਼ਦੂਰਾਂ ਨੇ ਰੇਟ ਕਟੌਤੀ ਖ਼ਿਲਾਫ਼ ਜਾਹਰ ਕੀਤਾ ਰੋਸ, ਸੰਘਰਸ਼ ਦੀ ਚਿਤਾਵਨੀ
Publish Date: Fri, 27 Feb 2026 04:21 PM (IST)
Updated Date: Fri, 27 Feb 2026 04:22 PM (IST)

ਰਾਮਪੁਰਾ ਫੂਲ ਭੱਠਾ ਮਜ਼ਦੂਰ ਯੂਨੀਅਨ ਬਲਾਕ ਰਾਮਪੁਰਾ ਵੱਲੋਂ ਪ੍ਰਧਾਨ ਮੱਖਣ ਸਿੰਘ ਦੀ ਅਗਵਾਈ ਹੇਠ ਰਾਮਪੁਰਾ ਫੂਲ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਰਾਮਪੁਰਾ ਇਲਾਕੇ ਦੇ ਵੱਖ-ਵੱਖ ਭੱਠਿਆਂ ਨਾਲ ਸੰਬੰਧਿਤ ਮਜ਼ਦੂਰਾਂ ਨੇ ਸ਼ਿਰਕਤ ਕਰਕੇ ਆਪਣੀਆਂ ਦੁਰਪੇਸ਼ ਸਮੱਸਿਆਵਾਂ ਸਾਂਝੀਆਂ ਕੀਤੀਆਂ। ਪ੍ਰਧਾਨ ਮੱਖਣ ਸਿੰਘ ਨੇ ਦੱਸਿਆ ਕਿ ਭੱਠਾ ਮਾਲਕਾਂ ਵੱਲੋਂ ਕੱਚੀਆਂ ਇੱਟਾਂ ਦੀ ਟਰਾਲੀ ਭਰਨ ਦੇ ਬਦਲੇ 220 ਰੁਪਏ ਪ੍ਰਤੀ ਹਜ਼ਾਰ ਦੀ ਦਰ ਦਿੱਤੀ ਜਾ ਰਹੀ ਹੈ, ਜਦਕਿ ਡੀਸੀ ਦਫ਼ਤਰ ਬਠਿੰਡਾ ਵੱਲੋਂ 338 ਰੁਪਏ ਪ੍ਰਤੀ ਹਜ਼ਾਰ ਰੇਟ ਮਨਜ਼ੂਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ 118 ਰੁਪਏ ਪ੍ਰਤੀ ਹਜ਼ਾਰ ਦੀ ਗੈਰ-ਕਾਨੂੰਨੀ ਕਟੌਤੀ ਕਰਕੇ ਮਜ਼ਦੂਰਾਂ ਦੀ ਖੁੱਲ੍ਹੀ ਲੁੱਟ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਯੂਨੀਅਨ ਨੇ ਮੰਗ ਕੀਤੀ ਕਿ ਰੇਟ ਵਿਚ ਕੀਤੀ ਜਾ ਰਹੀ ਨਾਜਾਇਜ਼ ਕਟੌਤੀ ਤੁਰੰਤ ਰੋਕੀ ਜਾਵੇ। ਇਸ ਦੇ ਨਾਲ ਹੀ ਭੱਠਿਆਂ ‘ਤੇ ਮਜ਼ਦੂਰਾਂ ਲਈ ਪੀਣ ਵਾਲੇ ਸਾਫ ਪਾਣੀ ਅਤੇ ਪਖਾਨਿਆਂ ਦੀ ਸੁਵਿਧਾ ਨਾ ਹੋਣ ‘ਤੇ ਵੀ ਚਿੰਤਾ ਜਤਾਈ ਗਈ ਅਤੇ ਮਾਲਕਾਂ ਤੋਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਚਿਤਾਵਨੀ ਦਿੱਤੀ ਗਈ ਕਿ ਜੇਕਰ ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਵੱਲੋਂ ਭੱਠਾ ਮਾਲਕਾਂ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਜੱਸਾ ਸਿੰਘ, ਸਕੱਤਰ ਦਰਸ਼ਨ ਸਿੰਘ, ਜੋਰਾ ਸਿੰਘ ਫੂਲ, ਸੁਖਪਾਲ ਸਿੰਘ, ਬਾਵਾ ਸਿੰਘ, ਰਾਮਪਾਲ ਸਿੰਘ, ਜਸਪਾਲ ਸਿੰਘ ਅਤੇ ਕਲਵੰਤ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।