ਸਿਵਲ ਸਰਜਨ ਨੇ ਸੀਐਚਓਜ ਨਾਲ ਮੀਟਿੰਗ ਕੀਤੀ
ਸਿਵਲ ਸਰਜਨ ਨੇ ਸੀਐਚਓਜ ਨਾਲ ਮੀਟਿੰਗ ਕੀਤੀ
Publish Date: Fri, 27 Feb 2026 04:17 PM (IST)
Updated Date: Fri, 27 Feb 2026 04:19 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਵਿਚ ਕਿਸੇ ਵੀ ਗਰਭਵਤੀ ਔਰਤ ਨੂੰ ਖੂਨ ਦੀ ਕਮੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਨੂੰ ਲੈ ਕੇ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਵੱਲੋਂ ਸੀਐਚਓਜ ਨਾਲ ਮੀਟਿੰਗ ਕੀਤੀ ਗਈ ਅਤੇ ਸੂਬਾ ਸਰਕਾਰ ਵੱਲੋਂ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਗਰੂਕ ਕਰਨ ਦੀ ਹਦਾਇਤ ਕੀਤੀ ਗਈ । ਅਨੀਮੀਆ ਬਾਰੇ ਜਾਣਕਾਰੀ ਦਿੰਦਿਆ ਡਾ. ਤਪਿੰਦਰਜੋਤ ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਪਿੰਡ ਪੱਧਰ ’ਤੇ ਲੋਕਾਂ ਨੂੰ ਅਨੀਮੀਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ । ਅਨੀਮੀਆ, ਜਿਸਨੂੰ ਆਮ ਤੌਰ ’ਤੇ ਖੂਨ ਦੀ ਕਮੀ ਕਿਹਾ ਜਾਂਦਾ ਹੈ, ਇੱਕ ਗੰਭੀਰ ਸਿਹਤ ਸਮੱਸਿਆ ਹੈ ਜੋ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਸਿਹਤ ਵਿਭਾਗ ਵੱਲੋਂ ਅਨੀਮਿਕ ਗਰਭਵਤੀਆਂ ਦੀ ਵਿਸ਼ੇਸ਼ ਜਾਂਚ ਲਈ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਜੱਚਾ ਬੱਚਾ ਹਸਪਤਾਲ, ਕਮਿਊਨਟੀ ਹੈਲਥ ਸੈਂਟਰ ਅਤੇ ਅਰਬਨ ਹੈਲਥ ਸੈਂਟਰਾਂ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਮੁਹਿੰਮ ਤਹਿਤ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ । ਉਨ੍ਹਾਂ ਦੱਸਿਆ ਕਿ ਅਨੀਮੀਆ ਤੋਂ ਬਚਾਅ ਲਈ ਖੁਰਾਕ ਵਿੱਚ ਹਰੇ ਪੱਤੇਦਾਰ ਸਬਜ਼ੀਆਂ, ਦਾਲਾਂ, ਫਲ, ਸੁੱਕੇ ਮੇਵੇ ਅਤੇ ਲੋਹੇ ਨਾਲ ਭਰਪੂਰ ਖੁਰਾਕ ਸ਼ਾਮਲ ਕਰਨੀ ਚਾਹੀਦੀ ਹੈ।