ਸੋਮਨਾਥ ਜਯੋਤਿਰਲਿੰਗ ਦੇ ਦਰਸ਼ਨ ਹੋਣਗੇ ਅੱਜ
ਸੋਮਨਾਥ ਜਯੋਤਿਰਲਿੰਗ ਦੇ ਦਰਸ਼ਨ ਹੋਣਗੇ ਅੱਜ
Publish Date: Fri, 27 Feb 2026 04:07 PM (IST)
Updated Date: Fri, 27 Feb 2026 04:10 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਸਦੀਆਂ ਪੁਰਾਣੇ ਜਯੋਤਿਰਲਿੰਗ ਸੋਮਨਾਥ ਦੀ ਦੇਸ਼-ਵਿਆਪੀ ਅੰਸ਼ ਯਾਤਰਾ ਸ਼ਨੀਵਾਰ 28 ਫ਼ਰਵਰੀ ਨੂੰ ਲਾਰਡ ਰਾਮਾ ਹਾਲ, ਦਾਣਾ ਮੰਡੀ ਵਿਚ ਪਹੁੰਚੇਗੀ। ਇਸ ਸਬੰਧੀ ਪ੍ਰਬੰਧਕ ਆਰਟ ਆਫ ਲਿਵਿੰਗ ਅਤੇ ਹੋਰ ਸੰਸਥਾਵਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਸਥਾ ਦੇ ਵਿੱਕੀ ਸਿੰਗਲਾ ਅਤੇ ਰਮਨ ਅਗਰਵਾਲ ਨੇ ਦੱਸਿਆ ਕਿ ਲਾਰਡ ਰਾਮਾ ਹਾਲ ਵਿਚ ਭਗਤਾਂ ਲਈ ਸਵੇਰੇ 10 ਵਜੇ ਤੋਂ ਦਰਸ਼ਨ ਸ਼ੁਰੂ ਹੋ ਜਾਣਗੇ ਅਤੇ ਭਗਤ ਲਾਈਨਾਂ ਵਿਚ ਸੁਚੱਜੇ ਢੰਗ ਨਾਲ ਦਰਸ਼ਨ ਕਰ ਸਕਣਗੇ। ਆਉਣ ਵਾਲੇ ਸ਼ਰਧਾਲੂਆਂ ਲਈ ਭੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਬਾਅਦ ਸ਼ਾਮ 6 ਵਜੇ ਵੇਦਿਕ ਮੰਤ੍ਰੋਚਾਰ ਨਾਲ ਰੁਦ੍ਰਾਭਿਸ਼ੇਕ ਕੀਤਾ ਜਾਵੇਗਾ। ਰੁਦ੍ਰਾਭਿਸ਼ੇਕ ਦੇ ਨਾਲ ਹੀ ਭਵਿਆ ਭਜਨ ਸੰਧਿਆ ਕਰਵਾਈ ਜਾਵੇਗੀ। ਜਿਸ ਵਿਚ ਭਜਨ ਗਾਇਕ ਸ਼ਿਵ ਭਜਨਾਂ ਰਾਹੀਂ ਭਗਤਾਂ ਨੂੰ ਭਗਤੀ ਰਸ ਵਿੱਚ ਲੀਨ ਕਰਨਗੇ। ਸੰਸਥਾ ਦੇ ਦਿਨੇਸ਼ ਗੋਇਲ ਅਤੇ ਆਸ਼ੀਸ਼ ਆਸ਼ੂ ਨੇ ਦੱਸਿਆ ਕਿ ਇਹ ਕੋਈ ਸਧਾਰਣ ਜਯੋਤਿਰਲਿੰਗ ਦੇ ਅੰਸ਼ ਨਹੀਂ, ਸਗੋਂ ਕਈ ਸੌ ਸਾਲ ਪੁਰਾਣੇ ਸੋਮਨਾਥ ਮੰਦਰ ਵਿਚ ਸਥਾਪਿਤ ਮੂਲ ਜਯੋਤਿਰਲਿੰਗ ਦੇ ਅੰਸ਼ ਹਨ। ਦੁਸ਼ਮਣਾਂ ਵੱਲੋਂ ਹਮਲਿਆਂ ਦੌਰਾਨ ਖੰਡਿਤ ਹੋਏ ਇਹ ਅੰਸ਼ ਲੰਬੇ ਸਮੇਂ ਤੱਕ ਸੰਭਾਲ ਕੇ ਰੱਖੇ ਗਏ ਅਤੇ ਬਾਅਦ ਵਿਚ ਪੂਜਨੀਯ ਗੁਰਦੇਵ ਸ਼੍ਰੀ ਸ਼੍ਰੀ ਰਵਿਸ਼ੰਕਰ ਨੂੰ ਸਮਰਪਿਤ ਕੀਤੇ ਗਏ। ਇਸ ਮੌਕੇ ਸੰਸਥਾ ਦੇ ਸੀਨੀਅਰ ਟੀਚਰ ਸੁਮਿਤ ਅਰੋੜਾ, ਅਖਿਲ ਅਗਰਵਾਲ ਪਰਿਵਾਰ ਸਭਾ ਦੇ ਸੰਦੀਪ ਅਗਰਵਾਲ, ਸ਼੍ਰੀ ਸਾਈ ਸੇਵਾ ਦਲ ਦੇ ਗੋਬਿੰਦ ਮਹੇਸ਼ਵਰੀ, ਗੁਰੂ ਸੇਵਾ ਸੁਸਾਇਟੀ ਦੇ ਦਵਿੰਦਰ, ਸਮਾਜ ਸੇਵੀ ਬੀਰਬਲ ਬੰਸਲ ਸਮੇਤ ਕਈ ਹੋਰ ਵਿਅਕਤੀ ਮੌਜੂਦ ਰਹੇ।