ਸਰਕਾਰੀ ਪਹੀ ਦੇ ਰੌਲੇ ਕਾਰਨ ਹੋਇਆ ਪਰਚਾ
ਸਰਕਾਰੀ ਪਹੀ ਦੇ ਰੌਲੇ ਕਾਰਨ ਹੋਇਆ ਪਰਚਾ, ਪੀੜਤ ਧਿਰ ਨੇ ਕਿਹਾ ਕੋਈ ਕਬਜ਼ਾ ਨਹੀਂ ਕੀਤਾ
Publish Date: Thu, 26 Feb 2026 07:56 PM (IST)
Updated Date: Thu, 26 Feb 2026 07:58 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ਕੁੱਬੇ ਵਿੱਚ ਸਰਕਾਰੀ ਪਹੀ ਨੂੰ ਲੈ ਕੇ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਪੀੜਤ ਧਿਰ ਦੇ ਵਿਅਕਤੀਆਂ ਬਲਵੀਰ ਸਿੰਘ, ਸੰਦੀਪ ਸਿੰਘ, ਰੁਲਦੂ ਸਿੰਘ, ਚਮਕੌਰ ਸਿੰਘ, ਸੁਖਦੇਵ ਸਿੰਘ ਆਦਿ ਨੇ ਕਿਹਾ ਕਿ ਉਨ੍ਹਾਂ ਕਿਸੇ ਦੀ ਜ਼ਮੀਨ ਉੱਪਰ ਕੋਈ ਕਬਜ਼ਾ ਨਹੀਂ ਕੀਤਾ, ਸਗੋਂ ਸਰਕਾਰੀ ਪਹੀ ਦੀ ਮਿਣਤੀ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਮਿਣਤੀ ਤੋਂ ਬਾਅਦ ਠੱਡੇ ਲਗਾਏ ਗਏ ਸਨ, ਜਿਸ ਮੁਤਾਬਕ ਹੀ ਉਨ੍ਹਾਂ ਪਹੀ ਨੂੰ ਬਣਾਉਣ ਲਈ ਕੁਝ ਜ਼ਮੀਨ ਵਿੱਚ ਹੱਲ ਚਲਾਇਆ ਸੀ, ਪਰ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਹੀ ਕੇਸ ਦਰਜ ਕਰ ਲਿਆ। ਉਨ੍ਹਾਂ ਕਿਹਾ ਕਿ ਸਰਕਾਰੀ ਮਿਣਤੀ ਅਨੁਸਾਰ ਹੀ ਉਨ੍ਹਾਂ ਕਾਰਵਾਈ ਕੀਤੀ ਨਾ ਕਿ ਕਿਸੇ ਦੀ ਜ਼ਮੀਨ ਉੱਪਰ ਕਬਜ਼ਾ ਕੀਤਾ ਹੈ। ਦੂਜੇ ਪਾਸੇ ਜਗਜੀਵਨ ਸਿੰਘ ਦਾ ਕਹਿਣਾ ਸੀ ਕਿ ਉਕਤ ਵਿਅਕਤੀਆਂ ਨੇ ਆਪਣੇ ਪੱਧਰ ’ਤੇ ਹੀ ਪਹੀ ਦੀ ਮਿਣਤੀ ਕਰਵਾਈ ਸੀ ਜਦੋਂਕਿ ਉਸ ਨੂੰ ਕੋਈ ਇਤਲਾਹ ਨਹੀਂ ਦਿੱਤੀ।