- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਰਵੀਂ ਜਮਾਤ ਦੀ ਕੁੜੀ ਨੂੰ ਅਗਵਾ ਕਰਨ ਦਾ ਯਤਨ, ਤਿੰਨ ਦਿਨਾਂ ਬਾਅਦ ਹੋਇਆ ਕੇਸ ਦਰਜ

- ਪੁਲਿਸ ਦੀ ਕਾਰਗੁਜ਼ਾਰੀ ਖਿਲਾਫ਼ ਲੋਕਾਂ ’ਚ ਗੁੱਸਾ
- ਘਟਨਾ ਤੋਂ ਤਿੰਨ ਦਿਨ ਬਾਅਦ ਦਰਜ ਕੀਤਾ ਗਿਆ ਕੇਸ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਜ਼ਿਲ੍ਹੇ ਦੀ ਇੱਕ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਕਰਨ ਦੀਆਂ ਕੋਸ਼ਿਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਪਿਛਲੇ ਤਿੰਨ ਦਿਨ ਤੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਥਾਣਾ ਭਗਤਾ ਭਾਈਕਾ ਦੇ ਗੇੜੇ ਕੱਢ ਰਿਹਾ ਹੈ। ਪਰ ਹੁਣ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਪੁਲਿਸ ਨੇ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਤ ਇਹ ਹਨ ਕਿ ਬਠਿੰਡਾ ਪੁਲਿਸ ਇਸ ਮਾਮਲੇ ਨੂੰ ਦਬਾਉਣ ਵਿੱਚ ਲੱਗੀ ਹੋਈ ਸੀ। ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਸਬੰਧੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ। ਪੀੜਤ 17 ਸਾਲਾ ਕੁੜੀ ਫਰੀਦਕੋਟ ਦੀ ਰਹਿਣ ਵਾਲੀ ਹੈ। ਅਗਵਾ ਕਰਨ ਸਮੇਂ ਉਕਤ ਕੁੜੀ ਨਾਲ ਕੁੱਟਮਾਰ ਵੀ ਕੀਤੀ ਗਈ, ਜਿਸ ਕਾਰਨ ਉਹ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜਾਣਕਾਰੀ ਅਨੁਸਾਰ 17 ਸਾਲਾ ਕੁੜੀ ਬਠਿੰਡਾ ਜ਼ਿਲ੍ਹੇ ਦੇ ਸਕੂਲ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਹੈ। ਪੀੜਤ ਨੇ ਦੱਸਿਆ ਕਿ 23 ਫਰਵਰੀ ਨੂੰ ਉਹ ਸਕੂਲ ਜਾਣ ਲਈ ਪਿੰਡ ਦੇ ਬੱਸ ਅੱਡੇ ਉੱਪਰ ਬੱਸ ਦੀ ਉਡੀਕ ਕਰ ਰਹੀ ਸੀ। ਉਸ ਨੇ ਦੱਸਿਆ ਕਿ ਉੱਥੇ ਹੀ ਉਸ ਦੇ ਪਿੰਡ ਦੇ ਨੌਜਵਾਨ ਮਨਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਵੀ ਖੜ੍ਹੇ ਹੋਏ ਸਨ। ਪੀੜਤ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਹ ਬੱਸ ਵਿੱਚ ਸਵਾਰ ਹੋ ਗਈ ਅਤੇ ਜਦੋਂ ਉਹ ਬੱਸ ਅੱਡੇ ਉੱਪਰ ਉਤਰ ਕੇ ਸਕੂਲ ਜਾਣ ਲੱਗੀ ਤਾਂ ਕਾਰ ਵਿੱਚ ਸਵਾਰ ਮਨਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਨੇ ਉਸ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੂੰ ਚੁੱਕ ਕੇ ਕਾਰ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ। ਪੀੜਤ ਕੁੜੀ ਨੇ ਦੱਸਿਆ ਕਿ ਇਨ੍ਹਾਂ ਦਰਿੰਦਿਆਂ ਤੋਂ ਬਚਣ ਲਈ ਉਸ ਨੇ ਕਾਫੀ ਜਦੋਂ ਜਹਿਦ ਕੀਤੀ, ਪਰ ਮੁਲਜ਼ਮਾਂ ਨੇ ਜਿੱਥੇ ਉਸ ਨਾਲ ਅਸ਼ਲੀਲ ਛੇੜਛਾੜ ਕੀਤੀ ਉੱਥੇ ਹੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਉਸ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਦਾ ਤੀਜਾ ਸਾਥੀ ਕਾਰ ਸਟਾਰਟ ਕਰਕੇ ਬੈਠਾ ਹੋਇਆ ਸੀ ਤਾਂ ਜੋ ਉਸ ਨੂੰ ਅਗਵਾ ਕਰਕੇ ਲਜਾਇਆ ਜਾ ਸਕੇ। ਇਸ ਦੌਰਾਨ ਪੀੜਤ ਕੁੜੀ ਬੇਹੋਸ਼ ਹੋ ਗਈ ਅਤੇ ਬਾਕੀ ਵਿਦਿਆਰਥਣਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਕਾਰ ਵਿਚ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਸਕੂਲ ਦੇ ਪ੍ਰਬੰਧਕ ਉਸ ਨੂੰ ਚੁੱਕ ਕੇ ਸਕੂਲ ਵਿੱਚ ਲੈ ਗਏ। ਇਸ ਤੋਂ ਬਾਅਦ ਪੀੜਤ ਪਰਿਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੀੜਤ ਕੁੜੀ ਦੇ ਪਿਤਾ ਤੇ ਪਰਿਵਾਰਕ ਮੈਂਬਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਭਗਤਾ ਭਾਈ ਕਾ ਥਾਣਾ ਵਿੱਚ ਗਏ ਤਾਂ ਗਰੀਬ ਹੋਣ ਕਾਰਨ ਪੁਲਿਸ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। ਇਸ ਤੋਂ ਬਾਅਦ ਕੁੜੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਦੀਆਂ ਸੱਟਾਂ ਨੂੰ ਦੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਸ ਮੰਦਭਾਗੀ ਘਟਨਾ ਦੇ ਤਿੰਨ ਦਿਨ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ। ਇਸ ਤੋਂ ਬਾਅਦ ਇਹ ਮਾਮਲਾ ਮੀਡੀਆ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਕ ਕੁੜੀ ਨੂੰ ਦਿਨ ਦਿਹਾੜੇ ਅਗਵਾ ਕਰਨ ਦੀਆਂ ਕੋਸ਼ਿਸ਼ਾਂ ਦੀ ਹੋਈ ਘਟਨਾ ਤੋਂ ਬਾਅਦ ਭਗਤਾ ਭਾਈਕਾ ਖੇਤਰ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਕੂਲ ਜਾਣ ਵਾਲੀਆਂ ਉਨ੍ਹਾਂ ਦੀਆਂ ਬੱਚੀਆਂ ਹੀ ਸੁਰੱਖਿਅਤ ਨਹੀਂ ਹਨ ਤਾਂ ਫ਼ਿਰ ਆਮ ਲੋਕਾਂ ਦਾ ਕੀ ਹੋਵੇਗਾ।