ਭਗਤਾ ਭਾਈਕਾ ’ਚ ਸ਼ੋ੍ਮਣੀ ਕਮੇਟੀ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਦੀ ਤਿਆਰੀ
ਭਗਤਾ ਭਾਈਕਾ ’ਚ ਸ੍ਰੋਮਣੀ ਕਮੇਟੀ ਦੀ ਜਮੀਨ ਕੌਡੀਆਂ ਦੇ ਭਾਅ ਵੇਚਣ ਦੀ ਤਿਆਰੀ
Publish Date: Thu, 26 Feb 2026 06:54 PM (IST)
Updated Date: Thu, 26 Feb 2026 06:55 PM (IST)

- ਕਮੇਟੀ ਦੀ ਕੋਈ ਜ਼ਮੀਨ ਨਹੀਂ ਵੇਚੀ ਜਾ ਰਹੀ : ਸ਼੍ਰੋਮਣੀ ਕਮੇਟ ਮੈਂਬਰ - ਸ਼੍ਰੋਮਣੀ ਕਮੇਟੀ ਦੀ ਇੱਕ ਇੰਚ ਜਗ੍ਹਾ ਨਹੀਂ ਵੇਚਣ ਦਿੱਤੀ ਜਾਵੇ : ਜਥੇਦਾਰ ਬਾਲਿਆਂਵਾਲੀ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ♠: ਪਹਿਲਾਂ ਤੋਂ ਹੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਮਿਲੀਭੁਗਤ ਨਾਲ ਸਸਤੇ ਭਾਅ ਵੇਚਣ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਕਿ ਹੁਣ ਭਗਤਾ ਭਾਈਕਾ ਵਿਖ਼ੇ ਸ਼੍ਰੋਮਣੀ ਕਮੇਟੀ ਦੀ ਬੇਸ਼ਕੀਮਤੀ ਜ਼ਮੀਨ ਵੇਚਣ ਦੀ ਯੋਜਨਾ ਦਾ ਖੁਲਾਸਾ ਹੋਇਆ ਹੈ। ਇਹ ਜ਼ਮੀਨ ਸ਼੍ਰੋਮਣੀ ਕਮੇਟੀ ਦੇ ਭਗਤਾ ਭਾਈਕਾ ਸਥਿਤ ਕਾਲਜ ਦੇ ਨਜ਼ਦੀਕ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕੇ ਭਗਤਾ ਨਥਾਣਾ ਮੁੱਖ ਸੜਕ ’ਤੇ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਕਾਲਜ ਨਾਲ ਗੁਰੂ ਘਰ ਦੀ ਕਰੋੜਾਂ ਦੀ ਜ਼ਮੀਨ ਪਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਇਕ ਮੈਂਬਰ ਅਤੇ ਕੁਝ ਸਬ ਕਮੇਟੀ ਮੈਂਬਰ ਨਿੱਜੀ ਆਰਥਿਕ ਲਾਹਾ ਲੈਣ ਲਈ ਇਹ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਦੇ ਮਨਸੂਬੇ ਬਣਾ ਰਹੇ ਹਨ। ਇਸ ਮਸਲੇ ਲਈ 25 ਫਰਵਰੀ ਨੂੰ ਇਕ ਮੀਟਿੰਗ ਵੀ ਬੁਲਾਈ ਗਈ ਸੀ, ਪਰ ਕੁਝ ਸਬ ਕਮੇਟੀ ਮੈਂਬਰਾਂ ਦੇ ਵਿਰੋਧ ਕਾਰਨ ਇਹ ਮੀਟਿੰਗ ਇਕ ਵਾਰ ਰੱਦ ਕਰ ਦਿੱਤੀ ਗਈ ਹੈ। ਗੁਰੂ ਘਰ ਦੀ ਜ਼ਮੀਨ ਵੇਚਣ ਦੀ ਯੋਜਨਾ ਦਾ ਪਤਾ ਲੱਗਦਿਆਂ ਹੀ ਪੰਥਕ ਧਿਰਾਂ ਚੌਕੰਨੀਆਂ ਹੋ ਗਈਆਂ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਹਜ਼ਾਰਾਂ ਏਕੜ ਜ਼ਮੀਨ ਨੂੰ ਠੇਕੇ ’ਤੇ ਦੇਣ ਸਮੇਂ ਵੀ ਕਮੇਟੀ ਦੇ ਕੁਝ ਆਗੂਆਂ ਅਤੇ ਮੁਲਾਜ਼ਮਾਂ ’ਤੇ ਦੋਸ਼ ਲੱਗ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੀਏਸੀ ਮੈਂਬਰ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਇਸ ਕਮੇਟੀ ਕੋਲ ਫੁੱਲ ਅਧਿਕਾਰ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਸ਼ਰੋਮਣੀ ਕਮੇਟੀ ਵੱਲੋਂ ਜਿਹੜੀ ਗੁਰੂ ਘਰਾਂ ਦੀ ਜ਼ਮੀਨ ਵੇਚਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਇਹ ਬਹੁਤ ਮੰਦਭਾਗਾ ਹੈ। ਜਥੇਦਾਰ ਪਰਮਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਅੰਬ ਸਾਹਿਬ ਮੁਹਾਲੀ ਜ਼ਮੀਨ ਵੇਚੀ ਗਈ, ਪਰ ਹੁਣ ਭਗਤਾ ਭਾਈਕਾ ਵਿਚ ਕਰੋੜਾਂ ਰੁਪਏ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਜਿਹੇ ਮਾਮਲਿਆਂ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਫੁੰਮਣ ਸਿੰਘ ਦਾ ਕਹਿਣਾ ਸੀ ਕਿ ਜ਼ਮੀਨ ਵੇਚਣ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਭਗਤਾ ਦੇ ਨਾਲ ਸੁਰਜੀਤਪੁਰਾ ਵਿਚ ਕੁੱਝ ਲੋਕ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀ ਜਗ੍ਹਾ ਵਿਚ ਮਕਾਨ ਬਣਾ ਕੇ ਰਹਿ ਰਹੇ ਹਨ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਅਰਜ਼ੀ ਦਿੱਤੀ ਹੈ ਕਿ ਉਨ੍ਹਾਂ ਨੂੰ ਉਜਾੜਿਆ ਨਾ ਜਾਵੇ, ਸਗੋਂ ਬਣਦੀ ਰਕਮ ਲੈ ਕੇ ਉਨ੍ਹਾਂ ਦਾ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਭਗਤਾ ਭਾਈ ਕਾ ਵਿਚ ਦੋ ਸਾਲਾਂ ਦੌਰਾਨ ਸ਼੍ਰੋਮਣੀ ਕਮੇਟੀ ਨੂੰ 4 ਕਰੋੜ 24 ਲੱਖ 54 ਹਜ਼ਾਰ ਰੁਪਏ ਦੁਕਾਨਾਂ ਲਈ ਦਾਨ ਵਜੋਂ ਇਕੱਠੇ ਹੋਏ ਹਨ, ਜਦੋਂਕਿ 2 ਲੱਖ 84 ਹਜ਼ਾਰ ਪ੍ਰਤੀ ਮਹੀਨਾ ਦੁਕਾਨਾਂ ਦਾ ਪਹਿਲਾਂ ਨਾਲੋਂ ਵੱਧ ਕਰਾਇਆ ਕੀਤਾ ਗਿਆ ਹੈ।