ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਦੀਆਂ ਮੁਸ਼ਕਿਲਾਂ ਵਧੀਆਂ
ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਦੀਆਂ ਮੁਸ਼ਕਿਲਾਂ ਵਧੀਆਂ, ਸ਼ਿਵ ਸੈਨਾ ਆਜ਼ਾਦ ਵੱਲੋਂ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਦਰਜ
Publish Date: Thu, 26 Feb 2026 06:21 PM (IST)
Updated Date: Thu, 26 Feb 2026 06:25 PM (IST)
- ਸ਼ਿਵ ਸੈਨਾ ਆਜ਼ਾਦ ਵੱਲੋਂ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਦਰਜ
- ਐੱਸਐੱਸਪੀ ਬਠਿੰਡਾ ਖ਼ਿਲਾਫ਼ ਕੀਤੀ ਸੀ ਮਾੜੀ ਸ਼ਬਦਾਵਲੀ, ਸਖ਼ਤ ਕਾਰਵਾਈ ਦੀ ਕੀਤੀ ਮੰਗ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਬਠਿੰਡਾ ਦੀ ਐੱਸਐੱਸਪੀ ਜਯੋਤੀ ਯਾਦਵ ਖ਼ਿਲਾਫ਼ ਕੀਤੀ ਗਈ ਟਿੱਪਣੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇਹ ਮਾਮਲਾ ਹੁਣ ਕਾਫ਼ੀ ਗਰਮਾਉਂਦਾ ਨਜ਼ਰ ਆ ਰਿਹਾ ਹੈ। ਸ਼ਿਵ ਸੈਨਾ ਆਜ਼ਾਦ ਦੇ ਪ੍ਰਧਾਨ ਸਤਿੰਦਰ ਕੁਮਾਰ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਇਕ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਔਰਤਾਂ ਦੇ ਚਰਿੱਤਰ ’ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਕਿਸਾਨ ਆਗੂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਸ਼ਿਵ ਸੈਨਾ ਆਗੂ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਉਗਰਾਹਾਂ ਨੇ ਮਾੜੀ ਸ਼ਬਦਾਵਲੀ ਵਰਤੀ ਹੈ ਅਤੇ ਇਸ ਕਾਰਵਾਈ ਨਾਲ ਔਰਤਾਂ ਦੇ ਮਾਣ-ਸਮਾਨ ਅਤੇ ਸੁਰੱਖਿਆ ਉੱਤੇ ਸਵਾਲ ਉੱਠੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਤੁਰੰਤ ਕੀਤੀ ਜਾਵੇ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਦਰਜ ਕੀਤੀ ਸ਼ਿਕਾਇਤ ਵਿੱਚ ਕਿਹਾ ਕਿ ਕਿਸਾਨਾਂ ਨੇ ਕੁਝ ਦਿਨ ਪਹਿਲਾਂ ਡੀਸੀ ਦਫ਼ਤਰ ਦੇ ਘਿਰਾਓ ਦੌਰਾਨ ਪਿੰਡ ਜਿਊਂਦ ਵਿੱਚ ਪੁਲਿਸ ਨਾਲ ਟਕਰਾਅ ਹੋ ਗਿਆ ਸੀ, ਜਿਸ ਤੋਂ ਬਾਅਦ ਐੱਸਐੱਸਪੀ ਖ਼ਿਲਾਫ਼ ਕਿਸਾਨ ਆਗੂ ਨੇ ਮਾੜੀ ਟਿੱਪਣੀ ਕੀਤੀ ਹੈ। ਜ਼ਿਕਰਜੋਗ ਹੈ ਕਿ ਜਦੋਂ ਘਿਰਾਓ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪ ਹੋ ਰਹੀ ਸੀ, ਉਦੋਂ ਐੱਸਐੱਸਪੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਵਿਚ ਉਹ ਕਹਿ ਰਹੇ ਸਨ ਕਿ ‘ਪੀਲੇ ਪਰਨੇ ਵਾਲੇ ਨੂੰ ਚੁੱਕ ਕੇ ਲਿਆਓ।’ ਇਸ ਘਟਨਾ ਤੋਂ ਬਾਅਦ ਕਿਸਾਨਾਂ ਵੱਲੋਂ ਦੋਸ਼ ਲਾਇਆ ਗਿਆ ਕਿ ਪੁਲਿਸ ਨੇ ਪੀਲੇ ਪਰਨੇ ਵਾਲੇ ਕਿਸਾਨ ’ਤੇ ਜੁਲਮ ਤੇ ਜਬਰ ਢਾਹਿਆ ਅਤੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ। ਇਸ ਤੋਂ ਬਾਅਦ ਉਗਰਾਹਾਂ ਨੇ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਬਠਿੰਡਾ ਦੀ ਐੱਸਐੱਸਪੀ ਜਯੋਤੀ ਯਾਦਵ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤੀ। ਸਤਿੰਦਰ ਕੁਮਾਰ ਨੇ ਕਿਹਾ ਕਿ ਮਹਿਲਾ ਕਮਿਸ਼ਨ ਨੂੰ ਇਹ ਮਾਮਲਾ ਦਰਜ ਕਰਵਾਉਣ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਔਰਤਾਂ ਦੇ ਮਾਣ-ਸਨਮਾਨ ਦੀ ਰੱਖਿਆ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਗਰਾਹਾਂ ਵੱਲੋਂ ਚੈਨਲ ’ਤੇ ਕੀਤੀ ਗਈ ਇਸ ਟਿੱਪਣੀ ਦੀ ਵੀਡੀਓ ਵੀ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਵਜੋਂ ਭੇਜੀ ਗਈ ਹੈ।