ਤਖਤ ਸ੍ਰੀ ਦਮਦਮਾ ਸਾਹਿਬ ’ਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹੋਏ ਨਤਮਸਤਕ
ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਤਮਸਤਕ ਹੋਏ
Publish Date: Thu, 26 Feb 2026 06:03 PM (IST)
Updated Date: Thu, 26 Feb 2026 06:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਉੱਘੇ ਸਿੱਖ ਪ੍ਰਚਾਰਕ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਾਬਕਾ ਪ੍ਰਧਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਗੁਰਦੁਆਰਾ ਗ੍ਰੰਥਸਰ ਸਾਹਿਬ ਦਾਦੂ ਦੇ ਆਪਣੇ ਜਥੇ ਦੇ ਸਿੰਘਾਂ ਨਾਲ ਤਖਤ ਸਾਹਿਬ ਪੁੱਜੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਤਖਤ ਸਾਹਿਬ ਮੱਥਾ ਟੇਕਦਿਆਂ ਕੁਝ ਸਮਾਂ ਕੀਰਤਨ ਸਰਵਣ ਕੀਤਾ। ਉਨ੍ਹਾਂ ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਦੇ ਭੌਰਾ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਵੀ ਮੱਥਾ ਟੇਕਿਆ। ਇਸ ਮੌਕੇ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਹਰਿਆਣਾ ਅੰਦਰ ਗੁਰਮਤਿ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਧਰਮ ਪ੍ਰਚਾਰ ਕਮੇਟੀ ਲਗਾਤਾਰ ਯਤਨਸ਼ੀਲ ਹੈ ਤੇ ਹਰਿਆਣਾ ਦੇ ਪੰਜਾਬ ਦੀ ਹੱਦ ਨਾਲ ਲੱਗਦੇ ਪਿੰਡਾਂ ਤੋਂ ਲੈ ਕੇ ਵੱਡੇ ਸ਼ਹਿਰਾਂ ’ਚ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਕਿ ਸਿੱਖ ਬੱਚੇ ਅਤੇ ਨੌਜਵਾਨ ਆਪਣੇ ਗੌਰਵਸ਼ਾਲੀ ਸਿੱਖ ਇਤਿਹਾਸ ਤੋਂ ਜਾਣੂ ਹੋ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣ ਸਕਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਸਿੱਖ ਸ਼ਹੀਦਾਂ ਅਤੇ ਹੋਰਨਾਂ ਇਤਿਹਾਸਕ ਦਿਹਾੜਿਆਂ ਤੇ ਵੀ ਵਿਸ਼ਾਲ ਆਲੌਕਿਕ ਗੁਰਮਤਿ ਸਮਾਗਮ ਸਜਾਏ ਜਾਣਗੇ, ਜਿਨ੍ਹਾਂ ’ਚ ਪੰਥ ਪ੍ਰਸਿੱਧ ਰਾਗੀ/ਢਾਡੀ ਤੇ ਕਵੀਸ਼ਰੀ ਜਥਿਆਂ ਰਾਹੀਂ ਸੰਗਤ ਗੁਰੂ ਇਤਿਹਾਸ ਨਾਲ ਜੁੜ ਸਕੇਗੀ। ਉਨ੍ਹਾਂ ਇਸ ਮੌਕੇ ਕਿਸੇ ਕਿਸਮ ਦੀ ਸਿਆਸੀ ਗੱਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅੱਜ ਉਹ ਇੱਕ ਸ਼ਰਧਾਲੂ ਵਜੋਂ ਤਖਤ ਸਾਹਿਬ ਨਤਮਸਤਕ ਹੋਣ ਆਏ ਹਨ ਤੇ ਤਖਤ ਸਾਹਿਬ ਦਰਸ਼ਨ ਦੀਦਾਰੇ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਉਨ੍ਹਾਂ ਨੂੰ ਮਾਨਸਿਕ ਸਕੂਨ ਮਿਲਿਆ ਹੈ।