ਬਜ਼ੁਰਗਾਂ ਦੀ ਸਿਹਤ ਸੰਭਾਲ ਤੇ ਸਰਕਾਰੀ ਸਹੂਲਤਾਂ ਬਾਰੇ ਕੀਤਾ ਜਾਗਰੂਕ
-ਬਜੁਰਗਾਂ ਦੀ ਸਿਹਤ ਸੰਭਾਲ ਅਤੇ ਸਰਕਾਰੀ ਸਹੂਲਤਾਂ ਬਾਰੇ ਕਰਵਾਈ ਗਈ ਜਾਣਕਾਰੀ ਮੁਹੱਈਆ
Publish Date: Thu, 26 Feb 2026 05:52 PM (IST)
Updated Date: Thu, 26 Feb 2026 05:55 PM (IST)

- ਬਜ਼ੁਰਗਾਂ ਦੀ ਮੁਫ਼ਤ ਸਿਹਤ ਜਾਂਚ ਤੋਂ ਇਲਾਵਾ ਵੰਡੀਆਂ ਮੁਫ਼ਤ ਦਵਾਈਆਂ ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਪੰਜਾਬ ਸਰਕਾਰ ਵੱਲੋਂ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਰਾਜ਼ੇਸ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਸਰਕਾਰੀ ਹਸਪਤਾਲ ਪਿੰਡ ਬਾਲਿਆਂਵਾਲੀ ਤਹਿਸੀਲ ਰਾਮਪੁਰਾ ਫੂਲ ਵਿਖੇ ਮੈਡੀਕਲ ਅਤੇ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਰਸ਼ਦੀਪ ਕੌਰ ਨੇ ਸਾਂਝੀ ਕੀਤੀ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਰਸ਼ਦੀਪ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਡੀਐੱਲਐੱਸਏ ਰਾਹੀਂ ਬਜ਼ੁਰਗਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ ਗਈ, ਜਦਕਿ ਬੈਂਕਿੰਗ ਸੇਵਾਵਾਂ ਵੱਲੋਂ ਵਿੱਤੀ ਧੋਖਾਧੜੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਸਨਮਾਨਯੋਗ ਅਤੇ ਸੁਰੱਖਿਅਤ ਜੀਵਨ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਵੀ ਬਜ਼ੁਰਗ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਰਸ਼ਦੀਪ ਕੌਰ ਵੱਲੋਂ ਬੁਢਾਪਾ ਪੈਨਸ਼ਨ, ਸੀਨੀਅਰ ਸਿਟੀਜ਼ਨ ਕਾਰਡ ਅਤੇ ਹੋਰ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਸਰਕਾਰੀ ਸਹਾਇਤਾ ਪ੍ਰਣਾਲੀ ਨਾਲ ਜੋੜਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਤਾਂ ਜੋ ਉਹ ਆਪਣੀ ਜ਼ਿੰਦਗੀ ਆਤਮਨਿਰਭਰ ਅਤੇ ਆਤਮਗੌਰਵ ਨਾਲ ਜੀ ਸਕਣ। ਇਸ ਕੈਂਪ ਦੌਰਾਨ ਬਜ਼ੁਰਗਾਂ ਦੀ ਮੁਫ਼ਤ ਸਿਹਤ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਮੋਤੀਆਬਿੰਦ ਆਪ੍ਰੇਸ਼ਨ ਲਈ ਪੂਰਵ ਮੁਲਾਂਕਣ ਵੀ ਕੀਤਾ ਗਿਆ, ਤਾਂ ਜੋ ਯੋਗ ਬਜ਼ੁਰਗਾਂ ਵੱਲੋਂ ਆਪਣੇ ਮੁਫ਼ਤ ਆਪ੍ਰੇਸ਼ਨ ਕਰਵਾਏ ਜਾ ਸਕਣ।