ਟ੍ਰੈਫਿਕ ਪੁਲਿਸ ਬਠਿੰਡਾ ਦੀ ਨਵੀਂ ਪਹਿਲ, ਬੱਚਿਆਂ ਦੀ ਸੁਰੱਖਿਆ ਲਈ ਨਾਗਰਿਕਾਂ ਨੂੰ ਖ਼ਾਸ ਅਪੀਲ
ਟ੍ਰੈਫਿਕ ਪੁਲਿਸ ਬਠਿੰਡਾ ਦੀ ਨਵੀਂ ਪਹਿਲ, ਬੱਚਿਆਂ ਦੀ ਸੁਰੱਖਿਆ ਲਈ ਨਾਗਰਿਕਾਂ ਨੂੰ ਖ਼ਾਸ ਅਪੀਲ
Publish Date: Thu, 26 Feb 2026 05:41 PM (IST)
Updated Date: Thu, 26 Feb 2026 05:43 PM (IST)

- ਸਕੂਲ ਵੈਨ, ਬੱਸ ਦੇ ਨੇੜੇ ਸਾਵਧਾਨੀ ਅਤੇ ਬੱਚਿਆਂ ਨੂੰ ਪਹਿਲ ਦੇਣ ਦਾ ਸੰਦੇਸ਼ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਟ੍ਰੈਫ਼ਿਕ ਪੁਲਿਸ ਵੱਲੋਂ ਬੱਚਿਆਂ ਦੀ ਸੜਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਕ ਨਵੀਂ ਅਤੇ ਸ਼ਲਾਘਾਯੋਗ ਪਹਿਲ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਟ੍ਰੈਫਿਕ ਪੁਲਿਸ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਕੂਲ ਵੈਨਾਂ ਅਤੇ ਸਕੂਲ ਬੱਸਾਂ ਦੇ ਆਲੇ-ਦੁਆਲੇ ਖ਼ਾਸ ਸਾਵਧਾਨੀ ਵਰਤਣ ਅਤੇ ਬੱਚਿਆਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਨਾਗਰਿਕ ਵਜੋਂ ਆਪਣਾ ਫਰਜ਼ ਨਿਭਾਉਣ। ਡੀਐੱਸਪੀ ਟ੍ਰੈਫਿਕ ਕਰਮਜੀਤ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਿਰਫ਼ ਪੁਲਿਸ ਜਾਂ ਸਕੂਲ ਪ੍ਰਸ਼ਾਸਨ ਦੀ ਹੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰ ਵਿਅਕਤੀ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਸਮੇਂ ਦੌਰਾਨ ਸੜਕਾਂ ’ਤੇ ਵਿਸ਼ੇਸ਼ ਚੌਕਸੀ ਦੀ ਲੋੜ ਹੁੰਦੀ ਹੈ, ਕਿਉਂਕਿ ਥੋੜ੍ਹੀ ਜਿਹੀ ਲਾਪ੍ਰਵਾਹੀ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਟ੍ਰੈਫਿਕ ਪੁਲਿਸ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਦੋਂ ਕੋਈ ਸਕੂਲ ਵੈਨ ਜਾਂ ਬੱਸ ਬੱਚਿਆਂ ਨੂੰ ਚੜ੍ਹਾ ਜਾਂ ਉਤਾਰ ਰਹੀ ਹੋਵੇ, ਤਾਂ ਉਸ ਦੇ ਕੋਲੋਂ ਲੰਘਦੇ ਸਮੇਂ ਵਾਹਨ ਦੀ ਰਫ਼ਤਾਰ ਘੱਟ ਰੱਖੀ ਜਾਵੇ। ਜੇਕਰ ਸਕੂਲ ਵੈਨ ਜਾਂ ਬੱਸ ਸੜਕ ਕਿਨਾਰੇ ਰੁਕੀ ਹੋਵੇ ਅਤੇ ਬੱਚੇ ਉਤਰ ਰਹੇ ਹੋਣ, ਤਾਂ ਵਾਹਨ ਚਾਲਕ ਤੁਰੰਤ ਆਪਣਾ ਵਾਹਨ ਰੋਕਣ ਅਤੇ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਉਤਰਣ ਲਈ ਪਹਿਲ ਦੇਣ। ਇਸ ਦੌਰਾਨ ਬੇਵਜ੍ਹਾ ਹਾਰਨ ਵਜਾਉਣ ਜਾਂ ਜਲਦੀਬਾਜ਼ੀ ਕਰਨ ਤੋਂ ਵੀ ਬਚਣ ਦੀ ਅਪੀਲ ਕੀਤੀ ਗਈ ਹੈ। ਟ੍ਰੈਫਿਕ ਇੰਚਾਰਜ ਮੇਜਰ ਸਿੰਘ ਨੇ ਕਿਹਾ ਕਿ ਜ਼ਿੰਮੇਵਾਰੀ, ਧੀਰਜ ਅਤੇ ਸੰਵੇਦਨਸ਼ੀਲਤਾ ਇਕ ਚੰਗੇ ਨਾਗਰਿਕ ਦੀ ਪਛਾਣ ਹੁੰਦੀ ਹੈ। ਬੱਚਿਆਂ ਪ੍ਰਤੀ ਦਿਖਾਇਆ ਗਿਆ ਛੋਟਾ ਜਿਹਾ ਸਹਿਯੋਗ ਵੀ ਉਨ੍ਹਾਂ ਦੇ ਸੁਰੱਖਿਅਤ ਭਵਿੱਖ ਦੀ ਨੀਂਹ ਰੱਖਦਾ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਕੇ ਅਸੀਂ ਨਾ ਸਿਰਫ਼ ਕਾਨੂੰਨ ਦਾ ਆਦਰ ਕਰਦੇ ਹਾਂ, ਸਗੋਂ ਆਉਣ ਵਾਲੀ ਪੀੜ੍ਹੀ ਲਈ ਸੁਰੱਖਿਅਤ ਸਮਾਜ ਦੀ ਰਚਨਾ ਵੀ ਕਰਦੇ ਹਾਂ। ਇਸ ਮੌਕੇ ਟ੍ਰੈਫ਼ਿਕ ਪੁਲਿਸ ਵੱਲੋਂ ਸਾਰੇ ਵਾਹਨ ਚਾਲਕਾਂ, ਮਾਪਿਆਂ ਅਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਸਰਵੋਚ ਪ੍ਰਾਥਮਿਕਤਾ ਦੇਣ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।