ਅਸਲੇ ਤੋਂ ਬਾਅਦ ਹੁਣ ਬਠਿੰਡਾ ਵਾਲੇ ਦਾਰੂ ਪੀਣ ਦੇ ਸੌਂਕੀ, ਬਠਿੰਡਾ ਵਿੱਚ ਸ਼ਰਾਬ ਦੀ ਖਪਤ 6 ਸਾਲਾਂ ਵਿੱਚ 129 ਫ਼ੀਸਦੀ ਵੱਧੀ
- ਬਠਿੰਡਾ ’ਚ ਸ਼ਰਾਬ ਦੀ ਖਪਤ 6 ਸਾਲਾਂ ’ਚ 129 ਫ਼ੀਸਦੀ ਵਧੀ - 2020-21 ਦੇ 1.36 ਕਰੋੜ ਬੋਤਲਾਂ ਤੋਂ 2025-26 ਵਿੱਚ ਖਪਤ ਵਧ ਕੇ 3.12 ਕਰੋੜ ਬੋਤਲਾਂ ਹੋਈ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਬਠਿੰਡਾ ਜ਼ਿਲ੍ਹੇ ਵਿੱਚ ਪਿਛਲੇ ਛੇ ਸਾਲਾਂ ਦੌਰਾਨ ਸ਼ਰਾਬ ਦੀ ਖਪਤ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਹਿਲਾ ਕਹਾਵਤ ਬਣੀ ਸੀ ਕਿ ਬਠਿੰਡਾ ਵਾਲੇ ਅਸਲਾ ਰੱਖਣ ਦੇ ਸ਼ੌਕੀ, ਪਰ ਹੁਣ ਕਿਹਾ ਜਾ ਰਿਹਾ ਹੈ ਕਿ ਬਠਿੰਡੇ ਵਾਲੇ ਸ਼ਰਾਬ ਪੀਣ ਦੇ ਵੀ ਸ਼ੌਕੀ ਬਣ ਗਏ ਹਨ। ਆਬਕਾਰੀ ਵਿਭਾਗ ਦੇ ਅੰਕੜਿਆਂ ਅਨੁਸਾਰ ਸਾਲ 2020-21 ਵਿੱਚ ਜ਼ਿਲ੍ਹੇ ਵਿੱਚ ਕੁੱਲ 1 ਕਰੋੜ 36 ਲੱਖ 28 ਹਜ਼ਾਰ 288 ਬੋਤਲਾਂ ਦੀ ਸ਼ਰਾਬ ਖਪਤ ਹੋਈ ਸੀ, ਜੋ ਸਾਲ 2025-26 ਵਿੱਚ ਵਧ ਕੇ 3 ਕਰੋੜ 12 ਲੱਖ 42 ਹਜ਼ਾਰ 760 ਬੋਤਲਾਂ ਤਕ ਪਹੁੰਚ ਗਈ। ਇਸ ਤਰ੍ਹਾਂ ਜ਼ਿਲ੍ਹੇ ਅੰਦਰ ਸ਼ਰਾਬ ਦੀ ਖਪਤ ਵਿੱਚ ਲਗਭਗ 129 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਬਠਿੰਡਾ ਜ਼ਿਲ੍ਹੇ ਦੇ ਲੋਕ ਵਿਦੇਸ਼ੀ ਸ਼ਰਾਬ ਨੂੰ ਵੀ ਪਸੰਦ ਕਰਨ ਲੱਗੇ ਹਨ, ਜਿਸ ਦੀ ਖਪਤ ਪਿਛਲੇ 4 ਸਾਲਾਂ ਵਿੱਚ 1008 ਫ਼ੀਸਦੀ ਵਧ ਗਈ ਹੈ। ਇਸ ਦੌਰਾਨ ਅੰਗਰੇਜ਼ੀ ਸ਼ਰਾਬ ਦੀ ਖਪਤ ਵਿੱਚ 581, ਬੀਅਰ ਵਿੱਚ 269 ਅਤੇ ਦੇਸੀ ਸ਼ਰਾਬ ਵਿੱਚ 148 ਫ਼ੀਸਦੀ ਵਾਧਾ ਹੋਇਆ ਹੈ। ਛੇ ਸਾਲਾਂ ਵਿੱਚ ਜ਼ਿਲ੍ਹੇ ਅੰਦਰ ਸ਼ਰਾਬ ਠੇਕਿਆਂ ਦੀ ਗਿਣਤੀ ਵੀ 29 ਵਧ ਗਈ ਹੈ। ਸਾਲ 2020-21 ਵਿੱਚ ਜ਼ਿਲ੍ਹੇ ਅੰਦਰ 351 ਸ਼ਰਾਬ ਠੇਕੇ ਸਨ, ਜਿਹੜੇ ਸਾਲ 2024-25 ਵਿੱਚ 380 ਹੋ ਗਏ ਹਨ। ਬੀਤੇ 4 ਸਾਲਾਂ ਤੋਂ ਸ਼ਰਾਬ ਠੇਕਿਆਂ ਦੀ ਗਿਣਤੀ 380 ਹੀ ਹੈ। ਜੇਕਰ ਸ਼ਰਾਬ ਦੀ ਖਪਤ ਨੂੰ ਲੀਟਰਾਂ ਵਿੱਚ ਦੇਖਿਆ ਜਾਵੇ ਤਾਂ ਸਾਲ 2021-22 ਵਿੱਚ ਬਠਿੰਡਾ ਵਿੱਚ 1 ਕਰੋੜ 2 ਲੱਖ 8 ਹਜ਼ਾਰ 906 ਲੀਟਰ ਸ਼ਰਾਬ ਖਪਤ ਹੋਈ, ਜਿਹੜੀ ਸਾਲ 2024-25 ਵਿੱਚ 2 ਕਰੋੜ 19 ਲੱਖ 11 ਹਜ਼ਾਰ 170 ਲੀਟਰ ਹੋ ਗਈ। ਸਾਲ 2025-26 ਵਿੱਚ ਖਪਤ 2 ਕਰੋੜ 34 ਲੱਖ 32 ਹਜ਼ਾਰ 70 ਲੀਟਰ ਹੋ ਗਈ। ਇਸ ਵਿੱਚ ਦੇਸੀ ਸ਼ਰਾਬ ਦੀ ਖਪਤ 66.93 ਲੱਖ ਲੀਟਰ ਤੋਂ ਵੱਧ ਕੇ 99.32 ਲੱਖ ਲੀਟਰ ਹੋ ਗਈ, ਅੰਗਰੇਜ਼ੀ ਸ਼ਰਾਬ 12.88 ਲੱਖ ਲੀਟਰ ਤੋਂ 75 ਲੱਖ ਲੀਟਰ ਅਤੇ ਬੀਅਰ 22.27 ਲੱਖ ਲੀਟਰ ਤੋਂ 60 ਲੱਖ ਲੀਟਰ ਹੋ ਗਈ। ਸਾਲ 2026-27 ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਐਕਸਾਈਜ਼ ਪਾਲਿਸੀ ਅਨੁਸਾਰ 503 ਕਰੋੜ ਰੁਪਏ ਦਾ ਰੈਵੇਨਿਊ ਇਕੱਠਾ ਕਰਨ ਦਾ ਟੀਚਾ ਤਿਆਰ ਕੀਤਾ ਗਿਆ ਹੈ। ਪਾਲਿਸੀ ਅਨੁਸਾਰ ਜਿਹੜੇ ਠੇਕੇਦਾਰ ਨੇ ਪਿਛਲੇ ਸਾਲ ਠੇਕੇ ਲਏ ਸਨ, ਉਹ 6.5 ਫ਼ੀਸਦੀ ਵਾਧੂ ਫੀਸ ਦੇ ਕੇ ਠੇਕੇ ਰੀਨਿਊ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਲਈ ਕੋਟਾ ਖੁੱਲ੍ਹਾ ਰੱਖਿਆ ਗਿਆ ਹੈ। ਦੇਸੀ ਸ਼ਰਾਬ ਦਾ ਕੋਟਾ 51,15,015 ਪਰੂਫ਼ ਲੀਟਰ ਹੈ, ਜਿਹੜੀ ਕਿ 1 ਕਰੋੜ 36 ਲੱਖ 36 ਹਜ਼ਾਰ 40 ਬੋਤਲਾਂ ਬਣਦਾ ਹੈ। - ਬੋਤਲਾਂ ਦੀ ਸਾਲਾਨਾ ਖਪਤ (ਅਨੁਮਾਨਿਤ) ਸਾਲ ਦੇਸੀ ਅੰਗਰੇਜ਼ੀ ਬੀਅਰ ਕੁੱਲ ਖਪਤ 2020-21 89,35,526 17,19,485 29,73,277 1,36,28,288 2021-22 1,06,68,701 19,37,650 33,39,692 1,59,61,299 2022-23 1,09,43,262 59,93,918 54,49,772 2,24,46,188 2023-24 1,24,98,171 46,16,023 51,09,199 2,23,05,781 2024-25 1,28,24,905 91,67,032 70,22,925 2,91,68,734 2025-26 1,32,42,760 1 ਕਰੋੜ (ਅਨੁਮਾਨ) 80 ਲੱਖ (ਅਨੁਮਾਨ) 3,12,42,760 ਇਸ ਤਰ੍ਹਾਂ ਬਠਿੰਡਾ ਵਿੱਚ ਸ਼ਰਾਬ ਖਪਤ ਤੇ ਰੈਵੀਨਿਊ ਦੋਵਾਂ ’ਚ ਹੀ ਪਿਛਲੇ ਛੇ ਸਾਲਾਂ ਵਿੱਚ ਦੋਗੁਣੇ ਤੋਂ ਵੱਧ ਹੋ ਗਏ ਹਨ।