ਮਨਰੇਗਾ ਬਚਾਓ ਸੰਗਰਾਮ ਰੈਲੀ ਨੂੰ ਲੈ ਕੇ ਕਾਂਗਰਸੀ ਵਰਕਰਾਂ ’ਚ ਉਤਸ਼ਾਹ
ਮਨਰੇਗਾ ਬਚਾਓ ਸੰਗਰਾਮ ਰੈਲੀ ਨੂੰ ਲੈ ਕੇ
Publish Date: Thu, 26 Feb 2026 05:11 PM (IST)
Updated Date: Thu, 26 Feb 2026 05:13 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਕਾਂਗਰਸ ਵੱਲੋਂ 28 ਫਰਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ‘ਮਨਰੇਗਾ ਬਚਾਓ ਸੰਗਰਾਮ ਰੈਲੀ’ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਿਚ ਬੇਹੱਦ ਉਤਸ਼ਾਹ ਅਤੇ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਇਹ ਰੈਲੀ ਸਿਰਫ ਇਕ ਰਾਜਨੀਤਿਕ ਪ੍ਰੋਗਰਾਮ ਨਹੀਂ, ਸਗੋਂ ਗ਼ਰੀਬ, ਮਜ਼ਦੂਰ ਅਤੇ ਪਿੰਡਾਂ ਦੇ ਹੱਕਾਂ ਦੀ ਰੱਖਿਆ ਲਈ ਇੱਕ ਵੱਡੀ ਜਨ ਅਵਾਜ਼ ਬਣੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਜਗਜੀਤ ਸਿੰਘ ਕੋਇਰ ਸਿੰਘ ਵਾਲਾ ਸੀਨੀਅਰ ਆਗੂ ਕਾਂਗਰਸ, ਗੋਰਾ ਸਿੰਘ ਕਾਂਗੜ ਨੌਜਵਾਨ ਆਗੂ ਕਾਂਗਰਸ, ਰਾਮ ਸਿੰਘ ਬਾਦਲ ਸਾਬਕਾ ਸਰਪੰਚ, ਜਸਪਾਲ ਸਿੰਘ ਧਾਲੀਵਾਲ ਆਦਮਪੁਰਾ ਸੀਨੀਅਰ ਆਗੂ ਕਾਂਗਰਸ ਅਤੇ ਅਮਨਦੀਪ ਸਿੰਘ ਸਲਾਬਤਪੁਰਾ ਸਰਪੰਚ ਨੇ ਕਿਹਾ ਕਿ ਮਨਰੇਗਾ ਯੋਜਨਾ ਗ਼ਰੀਬ ਪਰਿਵਾਰਾਂ ਲਈ ਰੁਜ਼ਗਾਰ ਦੀ ਇਕ ਅਹਿਮ ਸੁਰੱਖਿਆ ਹੈ ਪਰ ਕੇਂਦਰ ਸਰਕਾਰ ਵੱਲੋਂ ਲਗਾਤਾਰ ਇਸ ਯੋਜਨਾ ਦੇ ਫੰਡਾਂ ਵਿਚ ਕਟੌਤੀ ਕਰ ਕੇ ਅਤੇ ਨਵੇਂ ਨਿਯਮ ਲਾਗੂ ਕਰ ਕੇ ਗ਼ਰੀਬ ਵਰਗ ਨਾਲ ਨਿਆਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਪਿੰਡਾਂ ਦੇ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਉਹ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗ਼ਰੀਬਾਂ ਦੀ ਭਲਾਈ ਦੀਆਂ ਗੱਲਾਂ ਤਾਂ ਕਰਦੀ ਹੈ, ਪਰ ਅਸਲ ਵਿਚ ਉਨ੍ਹਾਂ ਦੇ ਹੱਕਾਂ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੀ ਹੈ। ਮਨਰੇਗਾ ਵਰਗੀ ਯੋਜਨਾ ਨੂੰ ਬਚਾਉਣਾ ਅਤੇ ਮਜ਼ਬੂਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸੇ ਦੌਰਾਨ ਕਾਂਗਰਸੀ ਆਗੂਆਂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਰਜ਼ਾ ਲੈ ਕੇ ਸੂਬੇ ਨੂੰ ਕਰਜਾਈ ਬਣਾਇਆ ਜਾ ਰਿਹਾ ਹੈ, ਜਿਸ ਨਾਲ ਭਵਿੱਖ ਦੀਆਂ ਪੀੜ੍ਹੀ ਉੱਤੇ ਭਾਰੀ ਬੋਝ ਪੈ ਰਿਹਾ ਹੈ। ਵਿਕਾਸ ਦੇ ਨਾਂ ’ਤੇ ਲਏ ਜਾ ਰਹੇ ਕਰਜ਼ਿਆਂ ਦੀ ਕੋਈ ਪਾਰਦਰਸ਼ਤਾ ਨਹੀਂ ਹੈ ਅਤੇ ਲੋਕਾਂ ਨੂੰ ਇਸ ਦਾ ਕੋਈ ਸਿੱਧਾ ਲਾਭ ਨਹੀਂ ਮਿਲ ਰਿਹਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਬਰਨਾਲਾ ਦੀ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਗ਼ਰੀਬਾਂ ਦੇ ਹੱਕਾਂ ਦੀ ਰੱਖਿਆ ਲਈ ਆਪਣੀ ਆਵਾਜ਼ ਬੁਲੰਦ ਕਰਨ। ਇਹ ਸੰਘਰਸ਼ ਲੋਕਾਂ ਦੇ ਅਧਿਕਾਰਾਂ ਅਤੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੀ ਰਹੇਗੀ।