ਮੋਟਰਸਾਈਕਲ ਤੇ ਗਹਿਣੇ ਚੋਰੀ ਕਰਨ ਦੇ ਦੋਸ਼ ’ਚ 2 ਗ੍ਰਿਫ਼ਤਾਰ
ਮੋਟਰਸਾਈਕਲ ਅਤੇ ਸੋਨੇ ਦੇ ਗਹਿਣੇ ਚੋਰੀ
Publish Date: Thu, 26 Feb 2026 05:05 PM (IST)
Updated Date: Thu, 26 Feb 2026 05:07 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਮੋਟਰਸਾਈਕਲ ਅਤੇ ਘਰ ’ਚੋਂ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਮਾਮਲਿਆਂ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਥਾਣਾ ਸਿਵਲ ਲਾਈਨ ਅਤੇ ਥਾਣਾ ਕੈਨਾਲ ਕਾਲੋਨੀ ਵਿਚ ਵੱਖ-ਵੱਖ ਮਾਮਲੇ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੇ ਮਾਮਲੇ ਵਿਚ ਥਾਣਾ ਸਿਵਲ ਲਾਈਨ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸ਼ੁਭਮ ਵਾਸੀ ਆਵਾ ਬਸਤੀ ਬਠਿੰਡਾ ਨੇ ਦੱਸਿਆ ਕੁਝ ਦਿਨ ਪਹਿਲਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਕੁਲਦੀਪ ਸਿੰਘ ਵਾਸੀ ਦਸ਼ਮੇਸ਼ ਨਗਰ ਬਠਿੰਡਾ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕਰ ਲਿਆ। ਇਸੇ ਤਰ੍ਹਾਂ ਥਾਣਾ ਕੈਨਾਲ ਕਾਲੋਨੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਸਵਿੰਦਰ ਸਿੰਘ ਵਾਸੀ ਬਲਰਾਜ ਨਗਰ ਬਠਿੰਡਾ ਨੇ ਦੱਸਿਆ ਕਿ 16 ਫਰਵਰੀ ਨੂੰ ਵਿਕਰਮ ਵਾਸੀ ਸੰਜੇ ਨਗਰ ਬਠਿੰਡਾ ਉਸ ਦੇ ਘਰ ਵਿਚ ਦਾਖਲ ਹੋਇਆ ਅਤੇ ਸੋਨੇ ਦੇ ਗਹਿਣਿਆਂ ਸਮੇਤ ਨਕਦੀ ਚੋਰੀ ਕਰ ਕੇ ਲੈ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।