23 ਦੁੱਧ ਦੇ ਸੈਂਪਲਾਂ ’ਚੋਂ 7 ਸੈਂਪਲਾਂ ’ਚ ਪਾਣੀ ਦੀ ਮਾਤਰਾ
23 ਦੁੱਧ ਦੇ ਸੈਂਪਲਾਂ ’ਚੋਂ 7 ਸੈਂਪਲਾਂ ਵਿੱਚ ਪਾਣੀ ਦੀ ਮਾਤਰਾ
Publish Date: Thu, 26 Feb 2026 05:03 PM (IST)
Updated Date: Thu, 26 Feb 2026 05:07 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਗੁਰਮੀਤ ਸਿੰਘ ਖੁੱਡੀਆ ਦੀ ਅਗਵਾਈ ਹੇਠ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਵਰਿਆਮ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਮਾਂ ਛਿਨਮਸਤਿਕਾ ਮੰਦਰ, ਬਾਲਾ ਜੀ ਕਾਲੋਨੀ, ਰਾਮਪੁਰਾ ਫੂਲ ਵਿਖੇ ਮੁਫ਼ਤ ਦੁੱਧ ਪਰਖ ਕੈਂਪ ਲਾਇਆ ਗਿਆ। ਮੋਬਾਈਲ ਦੁੱਧ ਟੈਸਟਿੰਗ ਵੈਨ ਰਾਹੀਂ ਲਗਾਏ ਗਏ। ਇਸ ਕੈਂਪ ਨੂੰ ਇਲਾਕਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਗੁਰਵਿੰਦਰ ਸਿੰਘ ਸਿੱਧੂ ਦੀ ਦੇਖ-ਰੇਖ ਹੇਠ ਲਖਮੀਤ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਅਤੇ ਗੁਰਪਾਲ ਸਿੰਘ ਵੱਲੋਂ ਮਹਿਲਾ ਕਲਿਆਣ ਸੰਘ ਰਾਮਪੁਰਾ ਫੂਲ ਦੇ ਸਹਿਯੋਗ ਨਾਲ ਕੈਂਪ ਦੀ ਸਫਲ ਅਗਵਾਈ ਕੀਤੀ ਗਈ। ਕੈਂਪ ਦੌਰਾਨ ਦੁੱਧ ਵਿੱਚ ਫੈਟ, ਐੱਸਐਨਐੱਫ, ਪਾਣੀ ਦੀ ਮਾਤਰਾ ਅਤੇ ਰਸਾਇਣਕ ਤੱਤਾਂ ਜਿਵੇਂ ਯੂਰੀਆ, ਕਾਸਟਿਕ ਸੋਢਾ ਅਤੇ ਸਟਾਰਚ ਦੀ ਵਿਗਿਆਨਕ ਤਰੀਕੇ ਨਾਲ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਖ਼ਾਲਿਸ ਦੁੱਧ ਦੀ ਪਛਾਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਕੈਂਪ ਦੌਰਾਨ ਕੁੱਲ 23 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 16 ਸੈਂਪਲ ਮਿਆਰਾਂ ਅਨੁਸਾਰ ਪਾਏ ਗਏ, ਜਦਕਿ 7 ਸੈਂਪਲਾਂ ਵਿੱਚ ਪਾਣੀ ਮਿਲਿਆ ਹੋਇਆ ਪਾਇਆ ਗਿਆ। ਖੁਸ਼ੀ ਦੀ ਗੱਲ ਇਹ ਰਹੀ ਕਿ ਕਿਸੇ ਵੀ ਸੈਂਪਲ ਵਿੱਚ ਰਸਾਇਣਿਕ ਮਿਲਾਵਟ ਦੀ ਪੁਸ਼ਟੀ ਨਹੀਂ ਹੋਈ, ਜਿਸ ਨਾਲ ਖਪਤਕਾਰਾਂ ਵਿੱਚ ਵਿਸ਼ਵਾਸ ਮਜ਼ਬੂਤ ਹੋਇਆ। ਗੁਰਪਾਲ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਮਿਆਰੀ ਅਤੇ ਗੁਣਵੱਤਾ ਵਾਲਾ ਦੁੱਧ ਹੀ ਵਰਤਣ ਅਤੇ ਜੇਕਰ ਕਿਸੇ ਨੂੰ ਦੁੱਧ ਦੀ ਗੁਣਵੱਤਾ ਸਬੰਧੀ ਕੋਈ ਸ਼ੱਕ ਹੋਵੇ ਤਾਂ ਉਹ ਡੇਅਰੀ ਵਿਕਾਸ ਦਫ਼ਤਰ ਬਠਿੰਡਾ ਵਿਖੇ ਹਰ ਕੰਮਕਾਜੀ ਦਿਨ ਸਵੇਰੇ 9 ਵਜੇ ਤੋਂ 11 ਵਜੇ ਤਕ ਮੁਫ਼ਤ ਜਾਂਚ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ। ਕੈਂਪ ਦੌਰਾਨ ਮਹਿਲਾ ਕਲਿਆਣ ਸੰਘ ਦੇ ਮੈਂਬਰ ਰਜਿੰਦਰ ਕੌਰ, ਵੀਨਾ ਰਾਣੀ, ਸਰੋਜ ਰਾਣੀ, ਪੰਡਤ ਦਲੀਪ, ਰਣਜੀਤ ਪੁੰਜ ਆਦਿ ਮੌਜੂਦ ਸਨ।