ਕਾਰ ਦੀ ਟੱਕਰ ਨਾਲ ਬਾਈਕ ਸਵਾਰ ਦੀ ਮੌਤ, ਮਾਮਲਾ ਦਰਜ
ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ, ਮਾਮਲਾ ਦਰਜ
Publish Date: Wed, 25 Feb 2026 06:20 PM (IST)
Updated Date: Thu, 26 Feb 2026 04:07 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਰਾਮਪੁਰਾ ਫੂਲ ਵਿਖੇ ਸਥਿਤ ਖਾਲਸਾ ਮਾਰਕੀਟ ਨੇੜੇ 24 ਫਰਵਰੀ ਦੀ ਰਾਤ ਨੂੰ ਵਾਪਰੇ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਪਿੰਡ ਫੂਲ ਵਾਸੀ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ, ਜੋ ਭੁੱਚੋ ਟੋਲ ਪਲਾਜ਼ਾ ’ਤੇ ਕੰਮ ਕਰਦਾ ਸੀ। ਇਸ ਹਾਦਸੇ ’ਚ ਉਸਦਾ ਸਾਥੀ ਗੁਰਨਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮ੍ਰਿਤਕ ਦੇ ਦੋਸਤ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਬਠਿੰਡਾ ਤੋਂ ਵਾਪਸ ਆ ਰਹੇ ਸਨ। ਵਾਪਸੀ ਦੌਰਾਨ ਉਹ ਲਹਿਰਾ ਬੇਗਾ ਟੋਲ ਪਲਾਜ਼ਾ ਤੇ ਸ਼ਮਸ਼ੇਰ ਸਿੰਘ ਨੂੰ ਮਿਲੇ। ਸ਼ਮਸ਼ੇਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਦੀ ਡਿਊਟੀ ਰਾਤ 12 ਵਜੇ ਖਤਮ ਹੋ ਜਾਵੇਗੀ। ਉਹ ਇਕੱਠੇ ਫੂਲ ਪਿੰਡ ਲਈ ਰਵਾਨਾ ਹੋ ਜਾਣਗੇ। ਡਿਊਟੀ ਖਤਮ ਹੋਣ ਤੋਂ ਬਾਅਦ ਜਗਦੀਪ ਸਿੰਘ ਆਪਣੀ ਬਾਈਕ ਤੇ ਅੱਗੇ ਚੱਲ ਰਿਹਾ ਸੀ, ਜਦੋਂ ਕਿ ਗੁਰਨਿੰਦਰ ਸਿੰਘ ਸ਼ਮਸ਼ੇਰ ਸਿੰਘ ਦੇ ਪਿੱਛੇ ਸਵਾਰ ਸੀ। ਜਿਵੇਂ ਹੀ ਉਹ ਖਾਲਸਾ ਮਾਰਕੀਟ ਦੇ ਨੇੜੇ ਪਹੁੰਚੇ, ਇਕ ਤੇਜ਼ ਰਫ਼ਤਾਰ ਕਾਰ ਪੀਬੀ 03-ਏਐਲ 0262 ਨੇ ਬਾਈਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਕਾਰ ਚਾਲਕ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਪਿੰਡ ਗਿੱਲ ਕਲਾਂ ਵਜੋਂ ਹੋਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਰਾਮਪੁਰਾ ਫੂਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸ਼ਮਸ਼ੇਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਗੁਰਨਿੰਦਰ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਥਾਣਾ ਸਿਟੀ ਰਾਮਪੁਰਾ ਦੇ ਸਬ-ਇੰਸਪੈਕਟਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਦੋਸਤ ਜਗਦੀਪ ਸਿੰਘ ਦੀ ਸ਼ਿਕਾਇਤ ਤੇ ਦੋਸ਼ੀ ਕਾਰ ਚਾਲਕ ਮਨਪ੍ਰੀਤ ਸਿੰਘ ਵਾਸੀ ਪਿੰਡ ਗਿੱਲ ਕਲਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਨੁਸਾਰ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।