ਪੰਜਾਬ ਕੇਂਦਰੀ ’ਵਰਸਿਟੀ ’ਚ ਕਰਵਾਈ ਪਲੇਸਮੈਂਟ ਡਰਾਈਵ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ
Publish Date: Wed, 25 Feb 2026 05:23 PM (IST)
Updated Date: Thu, 26 Feb 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ : ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਵੱਲੋਂ ਇਕ ਪਲੇਸਮੈਂਟ ਡਰਾਈਵ ਕਰਵਾਈ ਗਈ, ਜਿਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਅਕਾਦਮਿਕ ਵਿਭਾਗਾਂ ਜਿਵੇਂ ਕਿ ਰਸਾਇਣ ਵਿਗਿਆਨ, ਜੀਵ ਰਸਾਇਣ ਵਿਗਿਆਨ, ਅਰਥਸ਼ਾਸਤਰ, ਅੰਗਰੇਜ਼ੀ, ਵਾਤਾਵਰਨ ਵਿਗਿਆਨ ਤੇ ਤਕਨਾਲੋਜੀ, ਭੌਤਿਕ ਵਿਗਿਆਨ, ਸੂਖਮ ਜੀਵ ਵਿਗਿਆਨ, ਗਣਿਤ ਆਦਿ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਭਰਤੀ ਪ੍ਰਕਿਰਿਆ ਲਈ ਕੁੱਲ 171 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਤੇ ਉਨ੍ਹਾਂ ਨੂੰ ਸ਼ਾਰਟਲਿਸਟ ਕੀਤਾ ਗਿਆ। ਇਨ੍ਹਾਂ ਵਿੱਚੋਂ 102 ਵਿਦਿਆਰਥੀਆਂ ਨੇ ਪ੍ਰੀ-ਪਲੇਸਮੈਂਟ ਟਾਕ ਵਿੱਚ ਹਿੱਸਾ ਲਿਆ, ਜਦਕਿ 96 ਉਮੀਦਵਾਰਾਂ ਨੇ ਚੋਣ ਪ੍ਰਕਿਰਿਆ ਦੇ ਤਹਿਤ ਕਰਵਾਈ ਗਈ ਲਿਖਤੀ ਪ੍ਰੀਖਿਆ ਵਿਚ ਹਿੱਸਾ ਲਿਆ। ਲਿਖਤੀ ਪ੍ਰੀਖਿਆ ਦੇ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਘੋਸ਼ਿਤ ਕੀਤੇ ਜਾਣਗੇ। ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਦੀ ਟੀਮ ਦੀ ਅਗਵਾਈ ਕਰ ਰਹੇ ਆਸ਼ੀਸ਼ ਸ਼ਰਮਾ ਦਾ ਧੰਨਵਾਦ ਕਰਦੇ ਹੋਏ ਯੂਨੀਵਰਸਿਟੀ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਪ੍ਰੋ. ਵਿਨੋਦ ਪਠਾਨੀਆ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਆਕਰਸ਼ਕ ਤਨਖ਼ਾਹ ਸੰਰਚਨਾ ਦੀ ਪੇਸ਼ਕਸ਼ ਕੀਤੀ ਗਈ, ਜਿਸ ਵਿਚ ਸਾਲਾਨਾ ਸੀਟੀਸੀ 4.50 ਲੱਖ ਦੇ ਨਾਲ ਵਾਧੂ ਸੁਵਿਧਾਵਾਂ ਸ਼ਾਮਲ ਹਨ। ਔਸਤ ਤਨਖ਼ਾਹ ਪੈਕੇਜ 38,000 ਪ੍ਰਤੀ ਮਹੀਨਾ (ਵਾਧੂ ਲਾਭਾਂ ਤੋਂ ਇਲਾਵਾ) ਰਿਹਾ। ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ।