"ਤਣਾਅ ਤੇ ਭਾਵਨਾਤਮਕ ਤੰਦਰੁਸਤੀ" ਵਿਸ਼ੇ ’ਤੇ ਕਰਵਾਇਆ ਭਾਸ਼ਣ
ਸਿਵਲ ਹਸਪਤਾਲ ਵਿਖੇ "ਤਣਾਅ ਅਤੇ ਭਾਵਨਾਤਮਕ ਤੰਦਰੁਸਤੀ" ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ
Publish Date: Wed, 25 Feb 2026 04:28 PM (IST)
Updated Date: Thu, 26 Feb 2026 04:04 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਬ੍ਰਹਮ ਕੁਮਾਰੀ ਆਸ਼ਰਮ ਵੱਲੋਂ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਬ ਡਿਵੀਜ਼ਨਲ ਹਸਪਤਾਲ ਵਿਖੇ ਮਰੀਜ਼ਾਂ ਤੇ ਸਟਾਫ ਲਈ "ਤਣਾਅ ਅਤੇ ਭਾਵਨਾਤਮਕ ਤੰਦਰੁਸਤੀ" ਵਿਸ਼ੇ ’ਤੇ ਇਕ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਮੌਕੇ ਸਿਰਸਾ ਹਰਿਆਣਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਰਾਜਯੋਗਿਨੀ ਬੀਕੇ ਸੁਮਨ ਦੀਦੀ ਐੱਨਐੱਸਪੀ ਸਪੈਸ਼ਲਿਸਟ ਅਤੇ ਐੱਨਡੀਐੱਸ ਟ੍ਰੇਨਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਤਮਾ ਨੇ ਹੀ ਇਕ ਦਿਨ ਪਰਮਾਤਮਾ ਦੇ ਨਾਲ ਮਿਲਣਾ ਹੈ। ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ, ਚੰਗੇ ਕਰਮ ਕਰਨ ਦੇ ਨਾਲ ਹਰ ਤਰ੍ਹਾਂ ਦੇ ਸੁੱਖ ਪ੍ਰਾਪਤ ਹੁੰਦੇ ਹਨ। ਜੇ ਮਾੜੇ ਕਰਮ ਕਰਾਂਗੇ ਤਾਂ ਆਤਮਾ ਵੀ ਦੁਖੀ ਹੋਵੇਗੀ ਅਤੇ ਸਰੀਰ ਨੂੰ ਵੀ ਕਸ਼ਟ ਹੋਣਗੇ, ਸਰੀਰ ਰੋਗੀ ਵੀ ਹੋਵੇਗਾ। ਇਸ ਲਈ ਜੇਕਰ ਅਸੀਂ ਸਮਾਜ ਅੰਦਰ ਸ਼ੁਭ ਕਰਮਾਂ ਵੱਲ ਆਪਣਾ ਧਿਆਨ ਦੇਵਾਂਗੇ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ, ਸਮਾਜਿਕ ਕੁਰੀਤੀਆਂ ਅਤੇ ਅਲਾਮਤਾਂ ਤੋਂ ਬਚ ਸਕਦੇ ਹਾਂ। ਸੀਨੀਅਰ ਮੈਡੀਕਲ ਅਫਸਰ ਡਾ. ਰਵੀ ਕਾਂਤ ਨੇ ਵੀ ਉਕਤ ਸ਼ਬਦਾਂ ਦੀ ਪਰੋੜਤਾ ਕਰਦਿਆਂ ਕਿਹਾ ਕਿ ਅਸੀਂ ਕਿਸੇ ਵੀ ਖੇਤਰ ਵਿਚ ਹੋਈਏ ਹਮੇਸ਼ਾ ਚੰਗੇ ਕਰਮ ਹੀ ਕਰੀਏ ਜੇ ਅਸੀਂ ਮਾੜੇ ਢੰਗ ਨਾਲ ਕੋਈ ਮਾਇਆ ਜਾਂ ਪਦਾਰਥ ਇਕੱਠਾ ਕਰਾਂਗੇ ਤਾਂ ਉਹ ਸਾਡੇ ਕਿਸੇ ਕੰਮ ਨਹੀਂ ਆਉਣਾ। ਇਸ ਮੌਕੇ ਬੀਕੇ ਦੀਪਿਕਾ ਦੀਦੀ ਸਮੇਤ ਸ਼ਹੀਦ ਬਾਬਾ ਦੀਪ ਸਿੰਘ ਸਬ ਡਿਵੀਜ਼ਨਲ ਹਸਪਤਾਲ ਦੇ ਸਮੂਹ ਡਾਕਟਰ, ਸਟਾਫ ਨਰਸਾਂ, ਫਾਰਮੇਸੀ ਅਫਸਰ, ਐਲਐਚਵੀਜ਼, ਏਐੱਨਐੱਮਜ਼, ਦਫ਼ਤਰੀ ਸਟਾਫ ਅਤੇ ਦਰਜਾ ਚਾਰ ਕਰਮਚਾਰੀ ਵੀ ਹਾਜ਼ਰ ਸਨ।