ਆਭਾ ਅਕਾਊਂਟ ’ਚ ਮਰੀਜ਼ ਦਾ ਦਰਜ ਹੋਵੇਗਾ ਮੈਡੀਕਲ ਰਿਕਾਰਡ
ਆਭਾ ਅਕਾਊਂਟ ਵਿਚ ਮਰੀਜ਼ ਦਾ ਦਰਜ਼ ਹੋਵੇਗਾ ਸਾਰਾ ਮੈਡੀਕਲ ਰਿਕਾਰਡ
Publish Date: Tue, 24 Feb 2026 06:49 PM (IST)
Updated Date: Wed, 25 Feb 2026 04:10 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਹਤ ਵਿਭਾਗ ਵੱਲੋਂ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਯੋਜਨਾ ਤਹਿਤ ਬਿਹਤਰੀਨ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਮਰੀਜਾਂ ਦਾ ਸਾਰਾ ਡਾਟਾ ਆਨ-ਲਾਈਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਸਿਹਤ ਵਿਭਾਗ ਵੱਲੋਂ ਪੰਜਾਬ ਇੰਡੀਅਨ ਮੈਡੀਕਲ ਐਸੋਸੀਏਸ਼ਨ ਕਾਨਫਰੰਸ ਦੌਰਾਨ ਆਯੁਸ਼ਮਾਨ ਭਾਰਤ ਡਿਜ਼ੀਟਲ ਅਕਾਊਂਟ (ਆਭਾ) ਦੀ ਸਟਾਲ ਲਗਾਈ ਗਈ। ਇਹ ਸਟਾਲ ਸਿਵਲ ਸਰਜਨ ਡਾ. ਤਪਿੰਦਰਜੋਤ ਦੀ ਦੇਖਰੇਖ ਵਿੱਚ ਲਗਾਈ ਗਈ, ਜਿਸ ਵਿਚ ਸਟੇਟ ਪੱਧਰ ਤੋਂ ਅੰਕੜਾ ਸਹਾਇਕ ਅਕਸੇ ਸ਼ਰਮਾ, ਐਚਐਮਆਈਐਸ ਕੁਆਰਡੀਨੇਟਰ ਮੁਨੀਸ਼ ਬਖਸੀ, ਅੰਕੜਾ ਵਿਸਲੇਸ਼ਣਕਾਰ ਅਨੁਰੁੱਧ ਸ਼ਰਮਾ, ਆਈਟੀ ਕੁਆਰਡੀਨੇਟਰ ਨਿਖਿਰ ਸ੍ਰੀਵਾਸਤਵਾ, ਬਠਿੰਡਾ ਤੋਂ ਐੱਚਐੱਮਆਈਐੱਸ ਡਿਵੀਜਨ ਕੁਆਰਡੀਨੇਟਰ ਸੰਦੀਪ ਗਰੋਵਰ, ਜ਼ਿਲ੍ਹਾ ਐਮਈਓ ਸਰੀਤਾ ਸਿੰਗਲਾ ਅਤੇ ਜ਼ਿਲ੍ਹਾ ਅੰਕੜਾ ਸਹਾਇਕ ਕੇਸਵ ਨੇ ਸੈਂਕੜੇ ਦੀ ਗਿਣਤੀ ਵਿਚ ਆਏ ਡਾਕਟਰਾਂ ਨੂੰ ਆਭਾ ਆਈਡੀ ਸਬੰਧੀ ਜਾਣਕਾਰੀ ਦਿੱਤੀ। ਇਸ ਸਬੰਧੀ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਹਸਪਤਾਲਾਂ ਵਿਚ ਜਿਥੇ ਮਾਹਿਰ ਡਾਕਟਰਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਇਲਾਜ ਕੀਤਾ ਜਾਂਦਾ ਹੈ, ਉਥੇ ਹੀ ਇਲਾਜ ਲਈ ਇਕ ਹੋਰ ਕਦਮ ਵਧਾਉਂਦਿਆਂ ਇਲਾਜ ਨੂੰ ਆਯੁਸ਼ਮਾਨ ਭਾਰਤ ਡਿਜੀਟਲ ਅਕਾਊਂਟ (ਆਭਾ) ਯੋਜਨਾ ਤਹਿਤ ਆਨ-ਲਾਈਨ ਕੀਤਾ ਜਾਂਦਾ ਹੈ। ਆਭਾ ਵਿਚ ਆਈਡੀ ਬਣਾਉਣ ਨਾਲ ਮਰੀਜ ਨੂੰ ਇਕ ਹਸਪਤਾਲ ਤੋਂ ਦੂਸਰੇ ਹਸਪਤਾਲ ਵਿਚ ਇਲਾਜ ਕਰਵਾਉਣ ਸਮੇਂ ਕਿਸੇ ਤਰ੍ਹਾਂ ਦੇ ਕਾਗਜ਼ਾਤ ਜਿਵੇਂ ਮੈਡੀਕਲ ਰਿਪੋਰਟਾਂ, ਐਕਸਰੇ ਆਦਿ ਕੋਈ ਵੀ ਦਸਤਾਵੇਜ਼ ਨਾਲ ਚੁੱਕਣ ਦੀ ਲੋੜ ਨਹੀਂ ਰਹੇਗੀ, ਕਿਉਂਕਿ ਇਹ ਸਾਰਾ ਡਾਟਾ ਮਨੁੱਖ ਦੀ ਬਣੀ ਆਭਾ ਆਈਡੀ ਤੋਂ ਆਟੋਮੈਟਿਕ ਡਾਕਟਰ ਚੈੱਕ ਕਰਨ ਦੇ ਸਮਰਥ ਹੋਣਗੇ ਅਤੇ ਮਰੀਜ ਨੂੰ ਇਕ ਤੋਂ ਦੂਸਰੇ ਡਾਕਟਰ ਕੋਲ ਇਲਾਜ ਕਰਵਾਉਣ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਨਵਪ੍ਰੀਤ ਗਰੇਵਾਲ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਡਾ ਸੋਨੀਆ ਗੁਪਤਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਪਵਨ ਕੁਮਾਰ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ ਅਤੇ ਕੇਵਲ ਸਿੰਘ, ਜ਼ਿਲ੍ਹਾ ਬੀਸੀਸੀ ਕੁਆਰਡੀਨੇਟਰ ਨਰਿੰਦਰ ਕੁਮਾਰ ਤੇ ਬੀਈਈ ਹਰਜਿੰਦਰ ਕੌਰ ਹਾਜ਼ਰ ਸਨ।