ਆਂਗਨਵਾੜੀ ਯੂਨੀਅਨ ਵੱਲੋਂ ਵਿਧਾਇਕ ਸਿੱਧੂ ਦੀ ਕੋਠੀ ਦਾ ਘਿਰਾਓ 27 ਨੂੰ
ਆਂਗਨਵਾੜੀ ਯੂਨੀਅਨ ਵੱਲੋਂ ਵਿਧਾਇਕ ਸਿੱਧੂ ਦੀ ਕੋਠੀ ਦਾ ਘਿਰਾਓ 27 ਨੂੰ
Publish Date: Tue, 24 Feb 2026 06:22 PM (IST)
Updated Date: Wed, 25 Feb 2026 04:07 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਜੁਝਾਰੂ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਸਿੰਦਰਪਾਲ ਕੌਰ ਦਿਆਲਪੁਰਾ ਨੇ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਸੂਬਾ ਪ੍ਰਧਾਨ ਰੀਮਾ ਰਾਣੀ ਰੋਪੜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਪ ਸਰਕਾਰ ਖਿਲਾਫ ਤਿੱਖਾ ਸੰਘਰਸ਼ ਆਰੰਭ ਕੀਤਾ ਜਾਵੇਗਾ। ਦਿਆਲਪੁਰਾ ਨੇ ਕਿਹਾ ਕਿ ‘ਆਪ’ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾ ਆਂਗਣਵਾੜੀ ਵਰਕਰਾਂ-ਹੈਲਪਰਾਂ ਦਾ ਮਾਣਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ ਪਰ ‘ਆਪ’ ਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਮਾਣ-ਭੱਤਾ ਦੁੱਗਣਾ ਕਰਨਾ ਤਾਂ ਦੂਰ ਦੀ ਹੁਣ ਤਾ ਸਮੇਂ ਸਿਰ ਤਨਖਾਹ ਵੀ ਨਹੀਂ ਮਿਲ ਰਹੀ। ਵਾਰ-ਵਾਰ ਸਬੰਧਤ ਮਹਿਕਮੇ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਮੀਟਿੰਗ ਕਰਨ ਦੇ ਬਾਵਜੂਦ ਅੱਜ ਤੱਕ ਸਿਵਾਏ ਲਾਰਿਆਂ ਤੋਂ ਕੱਖ ਵੀ ਪੱਲੇ ਨੀ ਪਿਆ, ਪਰ ਹੁਣ ਅਸੀਂ ਸਰਕਾਰ ਦੇ ਲਾਰਿਆਂ ਤੋ ਅੱਕ ਚੁੱਕੇ ਹਾਂ ਅਤੇ ਹੁਣ ਸਰਕਾਰ ਸਾਡੇ ਸਬਰ ਨੂੰ ਹੋਰ ਨਾ ਪਰਖੇ। ਜੇਕਰ ਅਸੀਂ ਸਰਕਾਰ ਨੂੰ ਤਖਤ ਤੇ ਬਿਠਾਉਣਾ ਜਾਣਦੇ ਹਾਂ ਤਾਂ ਲਾਹੁਣਾ ਵੀ ਜਾਣਦੇ ਹਾਂ। ਹਲਕਾ ਵਿਧਾਇਕ ਵਿਧਾਇਕ ਬਲਕਾਰ ਸਿੰਘ ਸਿੱਧੂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਵਾ ਕੇ ਆਉਣ ਵਾਲੇ ਬੱਜਟ ਸੈਸ਼ਨ ਵਿੱਚ ਸਾਡੇ ਮਾਣ ਭੱਤੇ ਵਿਚ ਵਾਧੇ ਦਾ ਐਲਾਨ ਕਰਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸੂਬਾ ਸਰਕਾਰ ਨੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤੀ ਗਈ ਤਾਂ 27 ਤੇ 28 ਫਰਵਰੀ ਨੂੰ ਪੰਜਾਬ ਭਰ ਦੇ ਸਾਰੇ ਵਿਧਾਇਕ ਦੇ ਘਰਾਂ ਦਾ ਘਿਰਾਓ ਕਰਕੇ ਸੈਂਟਰ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਪੰਜਾਬ ਗੌਰਮਿੰਟ ਦੇ ਖਿਲਾਫ ਨਾਅਰੇਬਾਜੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਕੋਠੀ ਗਾ ਘਿਰਾਓ 27 ਫਰਵਰੀ ਨੂੰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਕੁੰਭਕਰਨੀ ਨੀਂਦ ਤੋਂ ਨਾ ਜਾਗੀ ਤਾ 8ਮਾਰਚ ਮਹਿਲਾ ਦਿਵਸ ਤੇ ਸਬੰਧਤ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਫਰੀਦਕੋਟ ਵਿਖੇ ਕੋਠੀ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਜ਼ਿਲ੍ਹਾ ਸਕੱਤਰ ਜਸਵੀਰ ਕੌਰ ਬਠਿੰਡਾ, ਸਤਵੰਤ ਕੌਰ ਰਾਮਾ ਬਲਾਕ ਪ੍ਰਧਾਨ, ਆਰਤੀ ਸ਼ਰਮਾ ਬਲਾਕ ਪ੍ਰਧਾਨ, ਸਰਬਜੀਤ ਕੌਰ ਮਹਿਰਾਜ ਆਦਿ ਮੌਜੂਦ ਸਨ