ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਪਦਾਰਥਾਂ ਸਣੇ 6 ਕਾਬੂ
ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ 6 ਵਿਅਕਤੀ ਗ੍ਰਿਫ਼ਤਾਰ
Publish Date: Tue, 24 Feb 2026 05:28 PM (IST)
Updated Date: Wed, 25 Feb 2026 04:05 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 6 ਵਿਅਕਤੀਆਂ ਨੂੰ ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਫੜੇ ਗਏ ਇਨ੍ਹਾਂ ਮੁਲਜ਼ਮਾਂ ਕੋਲੋਂ 95.66 ਗ੍ਰਾਮ ਹੈਰੋਇਨ ਅਤੇ 18 ਕਿੱਲੋ 284 ਗ੍ਰਾਮ ਪੋਸਤ ਦੇ ਹਰੇ ਬੂਟੇ ਬਰਾਮਦ ਕੀਤੇ ਹਨ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਨੇ ਬਠਿੰਡਾ ਦੇ ਬੱਸ ਅੱਡੇ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜਮ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦੀ ਪਛਾਣ ਭੁਪਿੰਦਰ ਪਾਲ ਸਿੰਘ ਵਾਸੀ ਪਿੰਡ ਕੋਟਬਖਤੂ ਵਜੋਂ ਹੋਈ ਹੈ। ਇਸ ਤਰ੍ਹਾਂ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਵੀ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਬਠਿੰਡਾ ਦੇ ਜਲੇਬੀ ਚੌਂਕ ਨੇੜੇ ਦੋ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 13 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜਮਾਂ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਦੀਪਕ ਕੁਮਾਰ ਵਾਸੀ ਮਾਡਲ ਟਾਊਨ ਬਠਿੰਡਾ ਅਤੇ ਸੁਸ਼ੀਲ ਯਾਦਵ ਵਾਸੀ 100 ਫੁੱਟ ਰੋਡ ਬਠਿੰਡਾ ਵਜੋਂ ਹੋਈ ਹੈ। ਸੀਆਈਏ ਸਟਾਫ 2 ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਬੀੜ ਤਲਾਬ ਵਿਚ ਛਾਪਾਮਾਰੀ ਕਰਦਿਆਂ ਮਨਪ੍ਰੀਤ ਸਿੰਘ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ਜਦੋਂਕਿ ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਗੁਪਤ ਸੂਚਨਾ ਮਿਲਣ ’ਤੇ ਪਿੰਡ ਖਿਆਲੀਵਾਲਾ ਵਿਚ ਛਾਪੇਮਾਰੀ ਕਰਦਿਆਂ ਰੂਪ ਸਿੰਘ ਨੂੰ 18 ਕਿੱਲੋ 284 ਗ੍ਰਾਮ ਪੋਸਤ ਦੇ ਹਰੇ ਬੂਟਿਆਂ ਸਮੇਤ ਕਾਬੂ ਕੀਤਾ ਹੈ। ਇਕ ਹੋਰ ਮਾਮਲੇ ਵਿਚ ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਹੀ ਗੋਨਿਆਣਾ ਮੰਡੀ ਵਿਚ ਇਕ ਵਿਅਕਤੀ ਤਰਸੇਮ ਸਿੰਘ ਵਾਸੀ ਜੀਦਾ ਨੂੰ 2.66 ਗ੍ਰਾਮ ਹੈਰੋਇਨ ਸਮੇਤ ਫੜਿਆ ਹੈ।