"ਯਾਰਾਂ ਨਾਲ ਬਹਾਰਾਂ" ਦੇ ਬੈਨਰ ਹੇਠ ਮਿੱਤਰ ਮਿਲਣੀ ਸਮਾਗਮ ਮੁਕੰਮਲ
ਸਾਬਕਾ ਵਿਦਿਆਰਥੀਆਂ ਨੇ "ਯਾਰਾਂ ਨਾਲ ਬਹਾਰਾਂ" ਦੇ ਬੈਨਰ ਹੇਠ ਮਿੱਤਰ ਮਿਲਣੀ ਪ੍ਰੋਗਰਾਮ ਕਰਵਾਇਆ
Publish Date: Tue, 24 Feb 2026 04:34 PM (IST)
Updated Date: Wed, 25 Feb 2026 04:01 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਗੁਰੂ ਕਾਸ਼ੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਬਣਾਏ ਗਰੁੱਪ "ਯਾਰਾਂ ਨਾਲ ਬਹਾਰਾਂ" ਦੇ ਬੈਨਰ ਹੇਠ ਮਿੱਤਰ ਮਿਲਣੀ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਸਭ ਤੋਂ ਪਹਿਲਾਂ ਬੀਤੇ ਸਮੇਂ ਦੌਰਾਨ ਵਿਛੜ ਚੁੱਕੇ ਸਾਥੀਆਂ ਪ੍ਰਿੰਸੀਪਲ ਲਾਭ ਸਿੰਘ, ਇਕਬਾਲ ਸਿੰਘ ਸਿੱਧੂ ਅਤੇ ਕੁਲਵੰਤ ਸਿੰਘ ਸਰਾਂ ਦੇ ਮਾਤਾ ਹਰਬੰਸ ਕੌਰ ਦੇ ਨਮਿਤ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਹਾਜ਼ਰੀਨ ਵੱਲੋਂ ਕਾਲਜ ਸਮੇਂ ਤੋਂ ਲੈ ਕੇ ਵੱਖ-ਵੱਖ ਖੇਤਰਾਂ ਵਿਚ ਕੀਤੇ ਕੰਮਾਂ ਅਤੇ ਜਿੰਦਗੀ ਦੇ ਹੋਰ ਤਜਰਬੇ ਸਾਂਝੇ ਕੀਤੇ। ਆਪਣੇ ਸੰਬੋਧਨ ਵਿਚ ਸਾਬਕਾ ਉਪ ਕੁਲਪਤੀ ਡਾਕਟਰ ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੀ ਇਕੱਤਰਤਾ ਸਾਨੂੰ ਇਕ ਦੂਜੇ ਦੇ ਹੋਰ ਨੇੜੇ ਲੈ ਕੇ ਆਉਂਦੀ ਹੈ।
ਉਨ੍ਹਾਂ ਚਿੰਤਾ ਪ੍ਰਗਟਾਈ ਕਿ ਅਜੋਕੇ ਸਮੇਂ ਸਾਡਾ ਹਵਾ, ਪਾਣੀ ਅਤੇ ਮਾਂ ਦਾ ਦਰਜਾ ਪ੍ਰਾਪਤ ਧਰਤੀ ਪ੍ਰਦੂਸ਼ਤ ਹੋ ਰਹੀ ਹੈ। ਇਸ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਯੋਗ ਉਪਰਾਲੇ ਕਰਨੇ ਚਾਹੀਦੇ ਹਨ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕੈਂਪਸ ਡਾਇਰੈਕਟਰ ਪ੍ਰੋਫੈਸਰ ਡਾਕਟਰ ਹਰਜਸਪਾਲ ਸਿੰਘ ਸਿੱਧੂ ਤੇ ਭਲਾਈ ਅਫਸਰ ਸਰਦੂਲ ਸਿੰਘ ਨੇ ਕਿਹਾ ਕਿ ਜਿਸ ਗੁਰੂ ਕੀ ਕਾਸ਼ੀ ਦਾ ਵਰ ਪ੍ਰਾਪਤ ਧਰਤੀ ਤੋਂ ਪੜ੍ਹ ਲਿਖ ਕੇ ਅਸੀਂ ਉੱਚ ਅਹੁਦਿਆਂ ਤੱਕ ਪਹੁੰਚੇ ਹਾਂ, ਉਸ ਦੀ ਸੇਵਾ ਲਈ ਸਾਨੂੰ ਇਕ ਫੋਰਮ ਬਣਾ ਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸੇਵਾ ਕਾਰਜ ਕਰਨੇ ਚਾਹੀਦੇ ਹਨ ਤਾਂ ਕਿ ਅਸੀਂ ਉਸ ਧਰਤੀ ਦਾ ਕੁਝ ਕੁ ਕਰਜਾ ਤਾਂ ਉਤਾਰ ਸਕੀਏ।
ਇਸ ਮੌਕੇ ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਬਲਜੀਤ ਸਿੰਘ ਸੰਦੋਹਾ, ਪ੍ਰਿੰਸੀਪਲ ਜਸਵੀਰ ਸਿੰਘ ਢਿੱਲੋਂ, ਖੁਸ਼ਦੀਪ ਸਿੰਘ ਬੱਬੀ ਚੱਠਾ, ਐਡਵੋਕੇਟ ਗੁਰਵਿੰਦਰ ਸਿੰਘ ਬੱਬੀ, ਸੇਵਾ ਮੁਕਤ ਸਕੱਤਰ ਮਾਰਕੀਟ ਕਮੇਟੀ ਉਜਾਗਰ ਸਿੰਘ ਢਿੱਲੋਂ, ਇੰਜੀਨੀਅਰ ਸਤਪਾਲ ਸਿੰਘ, ਅਧਿਆਪਕ ਆਗੂ ਸ਼ੇਖਰ ਤਲਵੰਡੀ, ਈਓ ਪਰਮਜੀਤ ਸਿੰਘ, ਬਲਵਿੰਦਰ ਸਿੰਘ ਐੱਨਐੱਫਐੱਲ ਤੇ ਬਰੋਡਵੇ ਸਵੀਟਸ ਦੇ ਐੱਮਡੀ ਜਤਿੰਦਰ ਸਿੰਘ ਸਿੱਧੂ ਨੇ ਵੀ ਆਪਣੇ ਆਪਣੇ ਤਜਰਬੇ ਸਾਂਝੇ ਕੀਤੇ।
ਇਸ ਮੌਕੇ ਰਵਾਇਤ ਅਨੁਸਾਰ ਬੀਤੇ ਦਿਨਾਂ ’ਚ ਸੇਵਾ ਮੁਕਤ ਹੋਏ ਸਾਥੀਆਂ, ਐਡੀਸ਼ਨਲ ਡਾਇਰੈਕਟਰ ਇੰਜੀਨੀਅਰ ਦਰਸ਼ਨ ਸਿੰਘ ਸਿੱਧੂ, ਇੰਜੀਨੀਅਰ ਸਤਪਾਲ ਸਿੰਘ, ਗਿਆਨਪ੍ਰੀਤ ਸਿੰਘ ਔਲਖ ਸਹਾਇਕ ਪ੍ਰਬੰਧਕ ਐਨਐਫਐਲ, ਕੁਲਦੀਪ ਸਿੰਘ ਢਿੱਲੋਂ ਕਿਸਾਨ ਆਗੂ ਤੇ ਸੇਵਾਮੁਕਤ ਲੈਕਚਰਾਰ ਨੈਬ ਸਿੰਘ ਨੂੰ ਯਾਰਾਂ ਨਾਲ ਬਹਾਰਾਂ ਗਰੁੱਪ ਵੱਲੋਂ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਗਰੁੱਪ ਦੇ ਬਹੁਤ ਹੀ ਸਤਿਕਾਰਯੋਗ ਮੈਂਬਰ ਅਤੇ ਪ੍ਰਸਿੱਧ ਲੋਕ ਗਾਇਕ ਹਰਦੇਵ ਮਾਹੀਨੰਗਲ ਵੱਲੋਂ ਆਪਣੇ ਗੀਤਾਂ ਨਾਲ ਰੌਣਕ ਵਿਚ ਵਾਧਾ ਕੀਤਾ।