ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਛੇ-ਦਿਨਾ ਸਿਖਲਾਈ ਸ਼ੁਰੂ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਛੇ-ਰੋਜ਼ਾ ਸਿਖਲਾਈ ਪ੍ਰੋਗਰਾਮ ਸ਼ੁਰੂ
Publish Date: Tue, 24 Feb 2026 04:27 PM (IST)
Updated Date: Wed, 25 Feb 2026 04:01 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ), ਬਠਿੰਡਾ ਵਿਖੇ ਭਾਰਤੀ ਗਿਆਨ ਪਰੰਪਰਾ (ਆਈਕੇਐੱਸ.) ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ ਸਬੰਧੀ ਛੇ ਦਿਨਾਂ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ ਹੋਇਆ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਭਾਰਤੀ ਗਿਆਨ ਪਰੰਪਰਾ ਵਿਭਾਗ ਵੱਲੋਂ ਕਰਵਾਏ ਸਮਾਗਮ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੁਆਰਾ ਸਿੱਖਿਆ ਮੰਤਰਾਲੇ ਦੇ ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਪ੍ਰੋਗਰਾਮ ਅਧੀਨ ਕਰਵਾਇਆ ਜਾ ਰਿਹਾ ਹੈ। ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਉੱਚ ਸਿੱਖਿਆ ਵਿਚ ਭਾਰਤੀ ਗਿਆਨ ਪਰੰਪਰਾ ਦੀ ਮਹੱਤਤਾ ਅਤੇ ਸਮਕਾਲੀ ਪ੍ਰਸੰਗਿਕਤਾ ਉਜਾਗਰ ਕੀਤੀ। ਉਨ੍ਹਾਂ ਨੇ “ਵਸੁਧੈਵ ਕੁਟੁੰਬਕਮ” ਅਤੇ “ਸਰਵੇ ਭਵੰਤੁ ਸੁਖਿਨਾ” ਵਰਗੇ ਆਦਰਸ਼ਾਂ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਭਾਰਤੀ ਦਰਸ਼ਨ ਵਿੱਚ ਨਿਹਿਤ ਵਿਸ਼ਵਵਿਆਪੀ ਸੋਚ ਨੂੰ ਦਰਸਾਉਂਦੇ ਹਨ। ਇਸ ਤੋਂ ਪਹਿਲਾਂ ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੇ ਡਾਇਰੈਕਟਰ ਡਾ. ਵਿਨੋਦ ਆਰੀਆ ਨੇ ਭਾਗੀਦਾਰਾਂ ਦਾ ਸਵਾਗਤ ਕੀਤਾ। ਪਹਿਲੇ ਦਿਨ ਦੇ ਅਗਲੇ ਸੈਸ਼ਨਾਂ ਵਿਚ ਰਾਜਿੰਦਰ ਰਾਣਾ (ਜੇਸੀ ਡੀਏਵੀ ਕਾਲਜ, ਦਸੂਹਾ) ਅਤੇ ਗੁਰਪ੍ਰੀਤ ਸਿੰਘ (ਚੰਡੀਗੜ੍ਹ ਯੂਨੀਵਰਸਿਟੀ) ਦੇ ਉੱਚ ਸਿੱਖਿਆ ਵਿਚ ਆਈਕੇਐਸ ਦੇ ਪਾਠਕ੍ਰਮ ਏਕੀਕਰਨ ਸਬੰਧੀ ਸੰਕਲਪਿਕ ਅਤੇ ਵਿਹਾਰਕ ਸੈਸ਼ਨ ਕਰਵਾਏ ਗਏ। ਪ੍ਰੋਗਰਾਮ ਅਧੀਨ ਰੋਜ਼ਾਨਾ ਅਕਾਦਮਿਕ ਸੈਸ਼ਨ ਕਰਵਾਏ ਜਾਣਗੇ ਅਤੇ 28 ਫਰਵਰੀ 2026 ਨੂੰ ਪ੍ਰੀਖਿਆ ਅਤੇ ਸਮਾਪਨ ਸਮਾਰੋਹ ਨਾਲ ਇਹ ਮੁਕੰਮਲ ਹੋਵੇਗਾ।