ਕੌਮਾਂਤਰੀ ਮਾਤ ਭਾਸ਼ਾ ਦਿਵਸ ’ਤੇ ਕਿਰਪਾਲ ਸਿੰਘ ਸਨਮਾਨਿਤ
ਬੀਐਫਜੀਆਈ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਭਾਸ਼ਣ ਮੁਕਾਬਲੇ ਕਰਵਾਏ
Publish Date: Mon, 23 Feb 2026 06:58 PM (IST)
Updated Date: Tue, 24 Feb 2026 04:10 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬੀਐੱਫਜੀਆਈ ਦੇ ਵੱਖ-ਵੱਖ ਸਟੂਡੈਂਟ ਵੈਲਫੇਅਰ ਸੈੱਲਾਂ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਮੌਕੇ ’ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਬੀਐਫਜੀਆਈ ਦੇ ਹਰੇਕ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਨੇ ਮਾਤ ਭਾਸ਼ਾਵਾਂ ਨੂੰ ਸੰਭਾਲ ਕੇ ਰੱਖਣ ਦੀ ਲੋੜ, ਸੱਭਿਆਚਾਰਕ ਪਛਾਣ ਅਤੇ ਮਜ਼ਬੂਤ ਭਾਈਚਾਰਿਆਂ ਦੇ ਨਿਰਮਾਣ ਵਿਚ ਭਾਸ਼ਾ ਦੀ ਭੂਮਿਕਾ ਵਰਗੇ ਵਿਸ਼ਿਆਂ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਜੱਜਾਂ ਵੱਲੋਂ ਭਾਸ਼ਣ ਦੀ ਸਮੱਗਰੀ, ਵਿਸ਼ਵਾਸ, ਉਚਾਰਣ ਅਤੇ ਸਮੁੱਚੀ ਪੇਸ਼ਕਾਰੀ ਦੇ ਆਧਾਰ ’ਤੇ ਭਾਗੀਦਾਰਾਂ ਦਾ ਮੁਲਾਂਕਣ ਕੀਤਾ ਗਿਆ। ਮੁਕਾਬਲਿਆਂ ਦੇ ਅੰਤ ਵਿਚ ਹਰੇਕ ਸਕੂਲ ਵਿੱਚੋਂ ਪਹਿਲੇ ਅਤੇ ਦੂਜੇ ਸਥਾਨ ਹਾਸਲ ਕਰਨ ਵਾਲਿਆਂ ਦੀ ਚੋਣ ਕੀਤੀ ਗਈ। ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਅਤੇ ਬਾਬਾ ਫ਼ਰੀਦ ਕਾਲਜ ਦੇ ਸਾਹਿਤ ਕਲੱਬ ਵੱਲੋਂ ਬੀਐੱਫਜੀਆਈ ਪੱਧਰੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਸਮਾਗਮ ’ਚ ਕਿਰਪਾਲ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੀਐੱਫਜੀਆਈ ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਬੀਡੀ ਸ਼ਰਮਾ ਵੱਲੋਂ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਬੀਐੱਫਜੀਆਈ ਦੇ ਵੱਖ-ਵੱਖ ਸਕੂਲਾਂ ਦੇ ਜੇਤੂਆਂ ਨੇ ਇਸ ਉੱਚ-ਪੱਧਰੀ ਮੁਕਾਬਲੇ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਬੋਲਣ ਦੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਕਿਰਪਾਲ ਸਿੰਘ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਸਬੰਧੀ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਨਤੀਜਿਆਂ ਅਨੁਸਾਰ ਬੀਏ ਬੀਐਡ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਪਹਿਲਾ ਸਥਾਨ, ਬੀਏ ਦੀ ਵਿਦਿਆਰਥਣ ਸਾਕਸ਼ੀ ਨੇ ਦੂਜਾ ਸਥਾਨ ਅਤੇ ਬੀਸੀਏ ਦੀ ਵਿਦਿਆਰਥਣ ਮੁਸਕਾਨ ਨੇ ਤੀਜਾ ਸਥਾਨ ਹਾਸਲ ਕੀਤਾ। ਮੁੱਖ ਮਹਿਮਾਨ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।