ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਸਨਮਾਨਿਤ
ਸਰਕਾਰੀ ਹਾਈ ਸਕੂਲ ਵਿਖੇ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਗਤੀਵਿਧੀਆਂ ਕਰਵਾਈਆਂ
Publish Date: Mon, 23 Feb 2026 06:55 PM (IST)
Updated Date: Tue, 24 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੁੱਚੋ ਮੰਡੀ : ਇਲਾਕੇ ਦੀ ਮੋਹਰੀ ਸੰਸਥਾ ਸਰਕਾਰੀ ਹਾਈ ਸਮਾਰਟ ਸਕੂਲ, ਲਹਿਰਾ ਬੇਗਾ ਵਿਖੇ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਮਾਤ ਭਾਸ਼ਾ ਦਾ ਵਿਦਿਆਰਥੀ ਜੀਵਨ ਵਿਚ ਮਹੱਤਵ ਵਿਸ਼ੇ 'ਤੇ ਸੈਮੀਨਾਰ ਅਤੇ ਵਿਦਿਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਕਵਿਤਾ ਉੱਚਾਰਣ, ਸਲੋਗਨ ਲਿਖਣ, ਭਾਸ਼ਣ ਤੇ ਪ੍ਰਸ਼ਨੋਤਰੀ ਮੁਕਾਬਲਿਆਂ ’ਚ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਮਾਂ ਬੋਲੀ ਪੰਜਾਬੀ ਨਾਲ਼ ਸਬੰਧਤ ਲੋਕ ਬੋਲੀਆਂ ਤੇ ਗੀਤ ਪੇਸ਼ ਕੀਤੇ ਗਏ ਤੇ ਲਾਇਬ੍ਰੇਰੀ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਉਪਰੰਤ ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ ਦੇ ਜੀਵਨ ’ਚ ਮਾਂ-ਬੋਲੀ ਦਾ ਮਹੱਤਵ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਮੁੱਖ ਬੁਲਾਰੇ ਵਜੋਂ ਪਹੁੰਚੇ ਪ੍ਰੋਫੈਸਰ ਕਮਲਜੀਤ ਸਿੰਘ (ਐਜੂਕੇਸ਼ਨ ਵਿਭਾਗ, ਪੰਜਾਬੀ ’ਵਰਸਿਟੀ ਰੀਜਨਲ ਸੈਂਟਰ ਬਠਿੰਡਾ) ਨੇ ਵਿਦਿਆਰਥੀਆਂ ਨਾਲ਼ ਵਿਸ਼ੇ ਦੀ ਸਾਂਝ ਪਾਉਂਦਿਆਂ ਵਿਦਿਆਰਥੀਆਂ ਨੂੰ ਵਿਸਰ ਰਹੇ ਪੰਜਾਬੀ ਸ਼ਬਦਾਂ ਨੂੰ ਆਪਣੀ ਬੋਲਚਾਲ ’ਚ ਲਿਆਉਣ ਲਈ ਪ੍ਰੇਰਿਆ।
ਉਨ੍ਹਾਂ ਨੇ ਮਾਂ ਬੋਲੀ ਪੰਜਾਬੀ ਦੀ ਹੋਂਦ ਬਰਕਰਾਰ ਰੱਖਣ ਲਈ ਸਾਡੇ ਸਾਹਮਣੇ ਭਵਿੱਖੀ ਚੁਣੌਤੀਆਂ ਨਾਲ਼ ਨਜਿੱਠਣ ਲਈ ਨੁਕਤੇ ਰੱਖਦਿਆਂ ਵਿਦਿਆਰਥੀਆਂ ਨੂੰ ਆਪਣੀ ਬੋਲੀ 'ਤੇ ਮਾਣ ਮਹਿਸੂਸ ਕਰਨ ਤੇ ਇਸ ਨੂੰ ਰੁਜ਼ਗਾਰ ਦੀ ਭਾਸ਼ਾ ਪੱਖੋਂ ਸੰਭਾਵਨਾਵਾਂ ਤਲਾਸ਼ਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਵਿਚ ਵਿਸ਼ੇਸ਼ ਬੁਲਾਰੇ ਵਜੋਂ ਗੁਰਵਿੰਦਰ ਸਿੰਘ ਬੀਆਰਸੀ ਨੇ ਆਪਣੀ ਹਾਜ਼ਰੀ ਲਗਵਾਈ। ਉਨ੍ਹਾਂ ਬੱਚਿਆਂ ਨੂੰ ਹਾਈ ਲੈਵਲ ਡਾਕਟਰੀ ਤੇ ਇੰਜੀਨੀਅਰਿੰਗ ਦੇ ਕੋਰਸਾਂ ਦੀ ਪੜ੍ਹਾਈ ਵੀ ਮਾਂ ਬੋਲੀ ਪੰਜਾਬੀ ਵਿਚ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ’ਚ ਸਕੂਲ ਮੁਖੀ ਕੁਲਵਿੰਦਰ ਕਟਾਰੀਆ ਨੇ ਵਿਦਿਆਰਥੀਆਂ ਨੂੰ ਆਪਣੀਆਂ ਤਿੰਨੋਂ ਮਾਂਵਾਂ ਮਾਂ ਜਨਨੀ, ਮਾਂ ਧਰਤੀ ਅਤੇ ਮਾਂ ਬੋਲੀ ਨੂੰ ਬਰਾਬਰ ਸਤਿਕਾਰ ਦੇਣ ਦੀ ਲੋੜ ਨੂੰ ਦਰਸਾਉਂਦੇ ਹੋਏ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਸਟਾਫ਼ ਵਿਚੋਂ ਹਰਪ੍ਰੀਤ ਸਿੰਘ, ਜਗਦੀਪ ਸਿੰਘ, ਰੂਪ ਚੰਦ, ਰੁਪਿੰਦਰ ਸਿੰਘ, ਬੇਅੰਤ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਕਰੁਣਾ ਗਰਗ, ਅਮਨਦੀਪ ਕੌਰ, ਰਮਨਪ੍ਰੀਤ ਕੌਰ, ਸ਼ਾਲੂ ਰਾਣੀ, ਰਸ਼ਮੀ, ਸੋਨਿਕਾ, ਸ਼ਵੇਤਾ ਸ਼ਰਮਾ ਅੇਤੇ ਪ੍ਰਤਿਭਾ ਸ਼ਰਮਾ ਮੌਜੂਦ ਸਨ। ਸਟੇਜ ਸਕੱਤਰ ਦੀ ਭੂਮਿਕਾ ਸੁਧਾ ਨੇ ਬਾਖੂਬੀ ਨਿਭਾਈ।