ਤਿੰਨ ਦਿਨਾ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਮੁਕੰਮਲ
ਤਿੰਨ ਰੋਜ਼ਾ ਫੁਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪੰਨ
Publish Date: Mon, 23 Feb 2026 06:34 PM (IST)
Updated Date: Tue, 24 Feb 2026 04:08 AM (IST)

ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ, ਨਥਾਣਾ ਪਿੰਡ ਨਥਾਣਾ ਵਿਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੀਰੀ ਪੀਰੀ ਯੁਵਕ ਸੇਵਾਵਾਂ ਕਲੱਬ ਨਥਾਣਾ ਵੱਲੋਂ ਹਰ ਸਾਲ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਇਸ ਸਾਲ ਵੀ ਕਲੱਬ ਵੱਲੋਂ ਤਿੰਨ ਰੋਜ਼ਾ ਸ਼ਾਨਦਾਰ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਕੁੱਲ 24 ਟੀਮਾਂ ਨੇ ਭਾਗ ਲਿਆ। ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਰਾਜਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾਮੈਂਟ ਵਿਚ ਕਾਫੀ ਰੋਮਾਂਚਕ ਮੁਕਾਬਲੇ ਵੇਖਣ ਨੂੰ ਮਿਲੇ। ਸੈਮੀਫਾਈਨਲ ਦੌਰਾਨ ਦਿਆਲਪੁਰਾ ਮਿਰਜ਼ਾ ਨੂੰ ਹਰਾ ਕੇ ਮੀਰੀ ਪੀਰੀ ਕਲੱਬ ਨਥਾਣਾ ਅਤੇ ਭਦੌੜ ਨੂੰ ਹਰਾ ਕੇ ਘੋਲੀਆ ਖੁਰਦ ਦੀ ਟੀਮ ਫਾਈਨਲ ਵਿਚ ਪਹੁੰਚੀ। ਸੁਪਰ ਫਾਈਨਲ ਮੁਕਾਬਲੇ ਵਿਚ ਮੀਰੀ ਪੀਰੀ ਕਲੱਬ ਨਥਾਣਾ ਨੇ ਘੋਲੀਆ ਖੁਰਦ ਨੂੰ 1-0 ਨਾਲ ਹਰਾ ਕੇ ਕੱਪ ਆਪਣੇ ਨਾਮ ਕੀਤਾ। ਇਸ ਤਰ੍ਹਾਂ ਘੋਲੀਆ ਖੁਰਦ ਦੀ ਟੀਮ ਦੂਜੇ ਸਥਾਨ ‘ਤੇ ਰਹੀ, ਭਦੌੜ ਤੀਜੇ ਅਤੇ ਦਿਆਲਪੁਰਾ ਮਿਰਜ਼ਾ ਚੌਥੇ ਸਥਾਨ ‘ਤੇ ਰਹੀ। ਇਨਾਮਾਂ ਦੀ ਘੋਸ਼ਣਾ ਅਨੁਸਾਰ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਨਗਦ ਰਾਸ਼ੀ ਅਤੇ ਕੱਪ, ਦੂਜੇ ਸਥਾਨ ਵਾਲੀ ਟੀਮ ਨੂੰ 15 ਹਜ਼ਾਰ ਰੁਪਏ ਨਗਦ ਰਾਸ਼ੀ, ਜਦਕਿ ਤੀਜੇ ਅਤੇ ਚੌਥੇ ਸਥਾਨ ਵਾਲੀਆਂ ਟੀਮਾਂ ਨੂੰ 4100-4100 ਰੁਪਏ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਦੂਜਾ ਇਨਾਮ ਅਰਸ਼ੀ ਗੰਗਾ ਸੀਨੀਅਰ ਫੁੱਟਬਾਲ ਖਿਡਾਰੀ ਵੱਲੋਂ ਭੇਟ ਕੀਤਾ ਗਿਆ। ਇਨਾਮ ਵੰਡ ਸਮਾਰੋਹ ਦੌਰਾਨ ਡਾਕਟਰ ਦਲਜੀਤ ਸਿੰਘ, ਐਸਐਚਓ ਅਮਰਿੰਦਰ ਸਿੰਘ, ਸਰਬਜੀਤ ਸਿੰਘ ਐਮਸੀ., ਗੁਰਲਾਲ ਸਿੰਘ ਐਮਸੀ., ਜਗਸੀਰ ਕਲਿਆਣ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਪਾਲ (ਬਲਾਕ ਪ੍ਰਧਾਨ) ਅਤੇ ਅਮਨਾ ਸਲਾਣੀ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਗੁਰਦੀਪ ਸਿੰਘ ਰਾਜੂ, ਹਰਪ੍ਰੀਤ ਹੈਪੀ, ਜਿੰਮੀ ਭੁੱਲਰ ਬੱਗੀ (ਪ੍ਰਧਾਨ), ਇੰਦਰਜੀਤ ਹੈਪੀ, ਭੁਪਿੰਦਰ ਸ਼ਰਮਾ, ਲੱਬੀ ਇਟਲੀ, ਫਤਿਹ ਭੁੱਲਰ, ਜਸਪ੍ਰੀਤ ਬਾਵਾ, ਲਵਪ੍ਰੀਤ ਲੱਭੀ, ਬਲਦੇਵ ਕੋ, ਕੁਲਦੀਪ ਸਿੰਘ, ਸੁਖਮਨਪ੍ਰੀਤ ਮਦੇਸ਼ਾ ਅਤੇ ਮਾਸਟਰ ਗੁਰਮੁਖ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਰਹੇ।