- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਹੱਦ ਸਫ਼ਲ ਰਿਹਾ ਨਗਰ ਸੁਧਾਰ ਟਰੱਸਟ ਦਾ ਪਲਾਟਾਂ ਦੇ ਡਰਾਅ ਕੱਢਣ ਦਾ ਪ੍ਰੋਗਰਾਮ

-ਮੁੱਖ ਮਹਿਮਾਨ ਬਲਤੇਜ ਪੰਨੂੰ ਨੇ ਡਰਾਅ ਰਾਹੀਂ 116 ਪਲਾਟ ਬਿਨੇਕਾਰਾਂ ਨੂੰ ਦਿੱਤੇ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਵਿੱਚ ਨਗਰ ਸੁਧਾਰ ਟਰੱਸਟ ਵੱਲੋਂ ਸ਼ਹੀਦ ਭਗਤ ਸਿੰਘ ਇਨਕਲੇਵ ਦੇ ਪਲਾਟਾਂ ਦੇ ਡਰਾਅ ਕੱਢਣ ਦਾ ਪ੍ਰੋਗਰਾਮ ਬੇਹੱਦ ਸਫਲ ਰਿਹਾ। ਪ੍ਰੋਗਰਾਮ ਦੌਰਾਨ ਹਾਲ ਖਚਾਖਚ ਭਰਿਆ ਹੋਇਆ ਸੀ ਅਤੇ 2500 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕਰਕੇ ਇਸ ਪ੍ਰਕਿਰਿਆ ਨੂੰ ਆਪਣੇ ਸਾਹਮਣੇ ਦੇਖਿਆ। ਡਰਾਅ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਅਤੇ ਉਤਸੁਕਤਾ ਵੇਖਣ ਨੂੰ ਮਿਲੀ। ਡਰਾਅ ਕੱਢਣ ਦੀ ਸ਼ੁਰੂਆਤ ਪ੍ਰੋਗਰਾਮ ਦੇ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਵੱਲੋਂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਪੂਰੀ ਪਾਰਦਰਸ਼ਤਾ ਨਾਲ ਡਰਾਅ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਗਿਆ ਹੈ, ਜੋ ਸਰਕਾਰ ਦੀ ਇਮਾਨਦਾਰ ਕਾਰਗੁਜ਼ਾਰੀ ਦਾ ਸਬੂਤ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਕਸਦ ਆਮ ਲੋਕਾਂ ਨੂੰ ਆਪਣੇ ਘਰ ਦਾ ਸੁਪਨਾ ਪੂਰਾ ਕਰਨ ਵਿੱਚ ਮਦਦ ਕਰਨਾ ਹੈ। ਸ਼ਹੀਦ ਭਗਤ ਸਿੰਘ ਇਨਕਲੇਵ ਲਈ ਕੱਢੇ ਗਏ ਪਲਾਟਾਂ ਦੇ ਡਰਾਅ ਨੂੰ ਲੈ ਕੇ ਲੋਕਾਂ ਵਿੱਚ ਖਾਸਾ ਉਤਸ਼ਾਹ ਸੀ। ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਇਨਕਲੇਵ ਵਿੱਚ ਵੱਖ-ਵੱਖ ਸਾਈਜ਼ ਦੇ ਰਿਹਾਇਸ਼ੀ ਅਤੇ ਵਪਾਰਕ ਪਲਾਟ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਕਲੋਨੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ, ਜਿਸ ਵਿੱਚ ਪੱਕੀਆਂ ਸੜਕਾਂ, ਸੀਵਰੇਜ ਪ੍ਰਣਾਲੀ, ਪੀਣ ਵਾਲੇ ਪਾਣੀ ਦੀ ਸੁਵਿਧਾ, ਬਿਜਲੀ ਸਪਲਾਈ, ਸਟ੍ਰੀਟ ਲਾਈਟਾਂ ਅਤੇ ਹਰਿਆਲੀ ਲਈ ਖਾਸ ਥਾਵਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪਾਰਕ ਅਤੇ ਕਮਿਊਨਿਟੀ ਸੈਂਟਰ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ ਤਾਂ ਜੋ ਵਸਨੀਕਾਂ ਨੂੰ ਬਿਹਤਰ ਜੀਵਨ ਸਹੂਲਤਾਂ ਮਿਲ ਸਕਣ। ਚੇਅਰਮੈਨ ਜਤਿੰਦਰ ਭੱਲਾ ਨੇ ਟਰੱਸਟ ਵੱਲੋਂ ਸ਼ਹਿਰ ਅੰਦਰ ਕਰਵਾਏ ਗਏ ਰਿਕਾਰਡ ਤੋੜ ਵਿਕਾਸ ਕਾਰਜਾਂ ਦਾ ਵੇਰਵਾ ਲੋਕਾਂ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਟਰੱਸਟ ਵੱਲੋਂ ਸੜਕਾਂ ਦੀ ਮੁਰੰਮਤ, ਨਵੀਆਂ ਕਲੋਨੀਆਂ ਦਾ ਵਿਕਾਸ, ਪਾਰਕਾਂ ਦੀ ਸੁਧਾਰ, ਆਪਣਾ ਸਰਕਾਰੀ ਪੈਟਰੋਲ ਪੰਪ, ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਇਨਕਲੇਵ ਵੀ ਇਸੀ ਕੜੀ ਦਾ ਹਿੱਸਾ ਹੈ ਅਤੇ ਇਸ ਨਾਲ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਬਲੂ ਫੌਕਸ ਵਾਲੀ ਜਗ੍ਹਾ ਵਿਚ ਪਲਾਜੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪ੍ਰੋਜੈਕਟ ਅਕਾਲੀ ਦਲ ਦੀ ਸਰਕਾਰ ਸਮੇਂ ਤੋਂ ਲਟਕ ਰਹੇ ਸਨ ਜਿੰਨ੍ਹਾਂ ਭਗਵੰਤ ਮਾਨ ਦੀ ਸਰਕਾਰ ਨੇ ਕੰਮ ਕਰਨ ਦੀ ਇੱਛਾ ਸ਼ਕਤੀ ਦੁਆਰਾ ਪੂਰਾ ਕੀਤੇ ਗਏ ਹਨ। ਬਲਤੇਜ ਪੰਨੂੰ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਜੈਕਟਾਂ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਕਾਨ ਬਣਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸੁਪਨਾ ਹੈ ਕਿ ਪੰਜਾਬ ਮੁੜ ਰੰਗਲਾ ਬਣੇ ਅਤੇ ਹਰ ਪਰਿਵਾਰ ਕੋਲ ਆਪਣੀ ਛੱਤ ਹੋਵੇ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਕਲੋਨੀ ਭਵਿੱਖ ਵਿੱਚ ਇੱਕ ਮਿਸਾਲ ਬਣੇਗੀ ਅਤੇ ਇਲਾਕੇ ਦੇ ਰਿਹਾਇਸ਼ੀ ਵਿਕਾਸ ਨੂੰ ਹੋਰ ਗਤੀ ਦੇਵੇਗੀ। ਡਰਾਅ ਦੌਰਾਨ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਪੂਰੀ ਪ੍ਰਕਿਰਿਆ ਨੂੰ ਜਨਤਕ ਤੌਰ ’ਤੇ ਕੀਤਾ ਗਿਆ। ਅਰਜ਼ੀਕਾਰਾਂ ਦੇ ਨਾਮ ਕੰਪਿਊਟਰਾਈਜ਼ਡ ਪ੍ਰਣਾਲੀ ਰਾਹੀਂ ਚੁਣੇ ਗਏ ਅਤੇ ਨਤੀਜੇ ਤੁਰੰਤ ਸਕ੍ਰੀਨ ’ਤੇ ਦਿਖਾਏ ਗਏ। ਜਿਨ੍ਹਾਂ ਦੇ ਨਾਮ ਡਰਾਅ ਵਿੱਚ ਆਏ, ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ, ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ, ਚੇਅਰਮੈਲ ਨੀਲ ਗਰਗ, ਚੇਅਰਮੈਨ ਰਾਜਨ ਅਮਰਦੀਪ ਸਿੰਘ, ਚੇਅਰਮੈਨ ਬਲਜੀਤ ਬੱਲੀ ਹਾਜ਼ਰ ਸਨ।