- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਰਮਲ ਦੀਆਂ ਝੀਲਾਂ ਦਾ ਹੋਵੇਗਾ ਸੁੰਦਰੀਕਰਨ, ਝੀਲਾਂ ’ਤੇ ਭਾਈਰੂਪ ਚੰਦ ਦੀ ਯਾਦ ’ਚ ਬਣੇਗੀ ਸੈਰਗਾਹ

-ਕਿਹਾ, ਇਨ੍ਹਾਂ ਝੀਲਾਂ ’ਤੇ ਭਾਈਰੂਪ ਚੰਦ ਦੀ ਯਾਦ ’ਚ ਬਣੇਗੀ ਸੈਰਗਾਹ, ਭਾਈ ਰੂਪ ਚੰਦ ਦੀਆਂ ਸਿੱਖਿਆਵਾਂ ’ਤੇ ਚੱਲਣ ਲੋਕ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਦੇ ਇਤਿਹਾਸਕ ਸ਼ਹਿਰ ਬਠਿੰਡਾ ਦੀਆਂ ਝੀਲਾਂ ਦੀ ਸੂਰਤ ਬਦਲਣ ਲਈ ਨਗਰ ਸੁਧਾਰ ਟਰੱਸਟ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਐਲਾਨ ਕੀਤਾ ਹੈ ਕਿ ਬਠਿੰਡਾ ਦੀਆਂ ਝੀਲਾਂ ਦੇ ਆਲੇ-ਦੁਆਲੇ ਲੋਕਾਂ ਦੀ ਸਹੂਲਤ ਅਤੇ ਮਨੋਰੰਜਨ ਲਈ ਇਕ ਆਧੁਨਿਕ ਸੈਰਗਾਹ ਤਿਆਰ ਕੀਤੀ ਜਾਵੇਗੀ। ਇਹ ਸੈਰਗਾਹ ਪ੍ਰਸਿੱਧ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ ਦੀ ਤਰਜ਼ ’ਤੇ ਵਿਕਸਿਤ ਕੀਤੀ ਜਾਵੇਗੀ, ਤਾਂ ਜੋ ਸ਼ਹਿਰ ਵਾਸੀਆਂ ਨੂੰ ਵਧੀਆ ਵਾਤਾਵਰਣ ਅਤੇ ਆਰਾਮਦਾਇਕ ਥਾਂ ਮਿਲ ਸਕੇ। ਚੇਅਰਮੈਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮਕਸਦ ਸਿਰਫ਼ ਸੁੰਦਰਤਾ ਵਧਾਉਣਾ ਹੀ ਨਹੀਂ, ਸਗੋਂ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਝੀਲਾਂ ਕੰਢੇ ਸਵੇਰੇ ਅਤੇ ਸ਼ਾਮ ਦੇ ਸਮੇਂ ਟਹਿਲਣ ਲਈ ਵੱਖਰਾ ਟਰੈਕ ਬਣਾਇਆ ਜਾਵੇਗਾ, ਬੈਠਣ ਲਈ ਬੈਂਚਾਂ, ਲਾਈਟਿੰਗ ਦੀ ਸੁਵਿਧਾ ਅਤੇ ਹਰਿਆਲੀ ਨੂੰ ਵਧਾਇਆ ਜਾਵੇਗਾ। ਇਸ ਦੇ ਨਾਲ-ਨਾਲ ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਖਾਸ ਪ੍ਰਬੰਧ ਕੀਤੇ ਜਾਣਗੇ, ਤਾਂ ਜੋ ਹਰ ਵਰਗ ਦੇ ਲੋਕ ਇਸ ਸੈਰਗਾਹ ਦਾ ਲਾਭ ਲੈ ਸਕਣ। ਇਹ ਸੈਰਗਾਹ ਭਾਈ ਰੂਪ ਚੰਦ ਜੀ ਦੀ ਯਾਦ ਵਿੱਚ ਤਿਆਰ ਕੀਤੀ ਜਾਵੇਗੀ। ਭੱਲਾ ਨੇ ਕਿਹਾ ਕਿ ਭਾਈ ਰੂਪ ਚੰਦ ਜੀ ਦੀ ਸਾਡੀ ਕੌਮ ਅਤੇ ਸਮਾਜ ਨੂੰ ਬੇਮਿਸਾਲ ਦੇਣ ਹੈ, ਪਰ ਪਿਛਲੀਆਂ ਸਰਕਾਰਾਂ ਵੱਲੋਂ ਉਨ੍ਹਾਂ ਦੀ ਯਾਦ ਨੂੰ ਸੰਭਾਲਣ ਲਈ ਕੋਈ ਵੱਡਾ ਉਪਰਾਲਾ ਨਹੀਂ ਕੀਤਾ ਗਿਆ। ਹੁਣ ਨਗਰ ਸੁਧਾਰ ਟਰੱਸਟ ਵੱਲੋਂ ਉਨ੍ਹਾਂ ਦੀ ਯਾਦ ਨੂੰ ਸਨਮਾਨ ਦੇਣ ਲਈ ਇਹ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਭੱਲਾ ਨੇ ਕਿਹਾ ਕਿ ਭਾਈ ਰੂਪ ਚੰਦ ਦੇ ਭਗਤ ਅਤੇ ਸ਼ਰਧਾਲੂ ਨਾ ਸਿਰਫ ਪੰਜਾਬ ਵਿੱਚ, ਸਗੋਂ ਦੇਸ਼-ਵਿਦੇਸ਼ ਵਿਚ ਵਸਦੇ ਹਨ। ਉਨ੍ਹਾਂ ਵੱਲੋਂ ਇਸ ਐਲਾਨ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੂੰ ਆਸ ਹੈ ਕਿ ਇਹ ਸੈਰਗਾਹ ਉਨ੍ਹਾਂ ਦੀ ਯਾਦ ਨੂੰ ਸਦੀਵੀ ਬਣਾਏਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਜੀਵਨ ਤੇ ਸਿੱਖਿਆਵਾਂ ਨਾਲ ਜੋੜੇਗੀ। ਲੋਕ ਭਾਈ ਰੂਪ ਚੰਦ ਜੀ ਦੀਆਂ ਸਿੱਖਿਆਵਾਂ ਤੋਂ ਜਾਣੂ ਹੋ ਸਕਣਗੇ ਤੇ ਉਨ੍ਹਾਂ ਨੂੰ ਮਾਣ ਸਨਮਾਨ ਮਿਲੇਗਾ। ਜ਼ਿਕਰਯੋਗ ਹੈ ਕਿ ਭੱਲਾ ਨੇ ਕੁੱਝ ਦਿਨ ਪਹਿਲਾਂ ਉਸ ਸਮੇਂ ਭਾਈਰੂਪ ਚੰਦ ਜੀ ਦੀ ਯਾਦ ਵਿਚ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਸੀ ਜਦੋਂ ਪਿੰਡ ਭਾਈਰੂਪਾ ਵਿਚ ਲੋਕਾਂ ਨੇ ਉਨ੍ਹਾਂ ਦੀ ਯਾਦਗਾਰ ਬਣਾਉਣ ਦੀ ਮੰਗ ਰੱਖੀ ਸੀ। ਇਸ ’ਤੇ ਚੇਅਰਮੈਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆ ਕੇ ਜਰੂਰ ਠੋਸ ਕਦਮ ਚੁੱਕਣਗੇ।
ਅੱਜ ਉਨ੍ਹਾਂ ਜਦੋਂ ਸ਼ਹੀਦ ਭਗਤ ਸਿੰਘ ਇਨਕਲੇਵ ਦੇ ਡਰਾਅ ਕੱਢੇ ਜਾ ਰਹੇ ਸਨਾਂ ਤਾਂ ਭਾਈ ਰੂਪ ਦੀ ਯਾਦਗਾਰ ਬਣਾਉਣ ਦਾ ਐਲਾਨ ਕੀਤਾ।ਨਗਰ ਸੁਧਾਰ ਟਰੱਸਟ ਦੇ ਅਨੁਸਾਰ ਸੈਰਗਾਹ ਦੇ ਨਿਰਮਾਣ ਦੌਰਾਨ ਵਾਤਾਵਰਣ ਦਾ ਖਾਸ ਧਿਆਨ ਰੱਖਿਆ ਜਾਵੇਗਾ। ਝੀਲਾਂ ਦੀ ਸਫਾਈ, ਪਾਣੀ ਦੀ ਸੰਭਾਲ ਅਤੇ ਕੁਦਰਤੀ ਸੋਭਾ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇਗੀ। ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ ਝੀਲਾਂ ਦੇ ਆਲੇ-ਦੁਆਲੇ ਪੱਕੇ ਰਸਤੇ, ਸਜਾਵਟੀ ਲਾਈਟਾਂ ਤੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਇਸ ਤੋਂ ਬਾਅਦ ਹੋਰ ਸੁਵਿਧਾਵਾਂ ਵੀ ਜੋੜੀਆਂ ਜਾਣਗੀਆਂ। ਸ਼ਹਿਰ ਦੇ ਨਿਵਾਸੀਆਂ ਨੇ ਇਸ ਯੋਜਨਾ ਨੂੰ ਸ਼ਹਿਰ ਦੇ ਵਿਕਾਸ ਵੱਲ ਇਕ ਮਹੱਤਵਪੂਰਨ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਠਿੰਡਾ ਵਿੱਚ ਪਹਿਲਾਂ ਹੀ ਕਈ ਇਤਿਹਾਸਕ ਅਤੇ ਧਾਰਮਿਕ ਸਥਾਨ ਹਨ, ਪਰ ਝੀਲਾਂ ਦੇ ਸੁੰਦਰ ਵਿਕਾਸ ਨਾਲ ਸ਼ਹਿਰ ਦੀ ਪਛਾਣ ਹੋਰ ਮਜ਼ਬੂਤ ਹੋਵੇਗੀ। ਇਹ ਸੈਰਗਾਹ ਸਿਰਫ ਸਥਾਨਕ ਲੋਕਾਂ ਲਈ ਹੀ ਨਹੀਂ, ਸਗੋਂ ਬਾਹਰੋਂ ਆਉਣ ਵਾਲੇ ਸੈਲਾਨੀਆਂ ਲਈ ਵੀ ਖਾਸ ਆਕਰਸ਼ਣ ਦਾ ਕੇਂਦਰ ਬਣ ਸਕਦੀ ਹੈ। ਜਤਿੰਦਰ ਭੱਲਾ ਨੇ ਕਿਹਾ ਕਿ ਟਰੱਸਟ ਵੱਲੋਂ ਪ੍ਰੋਜੈਕਟ ਨੂੰ ਜਲਦ ਸ਼ੁਰੂ ਕਰਨ ਲਈ ਪ੍ਰਸ਼ਾਸਨਿਕ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਬਠਿੰਡਾ ਦੀਆਂ ਝੀਲਾਂ ਇੱਕ ਨਵੀਂ ਪਛਾਣ ਨਾਲ ਸਾਹਮਣੇ ਆਉਣਗੀਆਂ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ੍ਹ ਲੱਗਣਗੇ।