ਕਿਸਾਨ, ਮਜਦੂਰ ਤੇ ਮੁਲਾਜਮ ਜਥੇਬੰਦੀਆਂ ਨੇ ਭਾਜਪਾ ਪ੍ਰਧਾਨ ਸਰੂਪ ਸਿੰਗਲਾ ਦੇ ਘਰ ਅੱਗੇ ਦਿੱਤਾ ਰੋਸ਼ ਧਰਨਾ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸੰਯੁਕਤ ਕਿਸਾਨ ਮੋਰਚਾ ਪੰਜਾਬ, ਮਜ਼ਦੂਰ ਮੋਰਚਾ ਅਤੇ ਮੁਲਾਜ਼ਮ ਮੋਰਚੇ ਦੇ ਸਾਂਝੇ ਸੱਦੇ ‘ਤੇ ਅੱਜ ਬਠਿੰਡਾ ਵਿਚ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੇ ਘਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੀਆਂ ਮੰਗਾਂ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਬੀਕੇਯੂ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਬੀਕੇਯੂ ਡਕੌਂਦਾ ਬੁਰਜ ਗਿੱਲ ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਬੀਕੇਯੂ ਡਕੌਂਦਾ ਧਨੇਰ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਨਾਮ ਸਿੰਘ ਮਹਿਰਾਜ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ, ਬੀਕੇਯੂ ਮਾਨਸਾ ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਮਲਕੀਤ ਸਿੰਘ ਬਠਿੰਡਾ, ਖੇਤ ਮਜ਼ਦੂਰ ਆਗੂ ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ ਨੰਦਗੜ੍ਹ ਅਤੇ ਲਛਮਣ ਸਿੰਘ ਸੇਣੇਵਾਲਾ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਅਜਿਹੀਆਂ ਨੀਤੀਆਂ ਅਤੇ ਕਾਨੂੰਨ ਲਿਆ ਰਹੀ ਹੈ, ਜਿਨ੍ਹਾਂ ਨਾਲ ਆਮ ਲੋਕਾਂ ਦੇ ਹੱਕ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲ ਨਾਲ ਬਿਜਲੀ ਦੇ ਨਿੱਜੀਕਰਨ ਦਾ ਖਤਰਾ ਵੱਧੇਗਾ, ਸੀਡ ਬਿੱਲ ਨਾਲ ਖੇਤੀ ਮਹਿੰਗੀ ਹੋਵੇਗੀ ਅਤੇ ਕਿਸਾਨਾਂ ਦਾ ਬੀਜ ਸੰਭਾਲਣ ਦਾ ਅਧਿਕਾਰ ਖਤਮ ਹੋਵੇਗਾ। ਇਸ ਤੋਂ ਇਲਾਵਾ ਮਨਰੇਗਾ ਕਾਨੂੰਨ ਅਤੇ ਚਾਰ ਲੇਬਰ ਕੋਡ ਲਾਗੂ ਹੋਣ ਨਾਲ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ ‘ਤੇ ਅਸਰ ਪਵੇਗਾ। ਉਨ੍ਹਾਂ ਅਮਰੀਕਾ ਅਤੇ ਯੂਰਪ ਨਾਲ ਸੰਭਾਵਿਤ ਵਪਾਰ ਸਮਝੌਤਿਆਂ ‘ਤੇ ਵੀ ਚਿੰਤਾ ਜਤਾਉਂਦਿਆਂ ਕਿਹਾ ਕਿ ਇਸ ਨਾਲ ਖੇਤੀਬਾੜੀ, ਸਹਾਇਕ ਧੰਦੇ ਅਤੇ ਛੋਟੇ ਉਦਯੋਗ ਪ੍ਰਭਾਵਿਤ ਹੋ ਸਕਦੇ ਹਨ। ਜਥੇਬੰਦੀਆਂ ਨੇ ਮੰਗ ਕੀਤੀ ਕਿ ਇਹ ਨੀਤੀਆਂ ਅਤੇ ਸਮਝੌਤੇ ਰੱਦ ਕਰਕੇ ਸਰਕਾਰੀ ਖੇਤਰ ਨੂੰ ਮਜ਼ਬੂਤ ਕੀਤਾ ਜਾਵੇ। ਧਰਨੇ ਦੌਰਾਨ ਆਗੂਆਂ ਨੇ ਪਿੰਡ ਜਿਉਂਦ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਅਤੇ ਐਸਐਸਪੀ ਬਠਿੰਡਾ ਦੀ ਬਰਖਾਸਤਗੀ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸੰਵਿਧਾਨਕ ਹੱਕਾਂ ਅਨੁਸਾਰ ਸ਼ਾਂਤਮਈ ਤਰੀਕੇ ਨਾਲ ਮੰਗਾਂ ਉਠਾਉਣ ਦੇ ਹੱਕ ਨੂੰ ਕੁਚਲਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ, ਜਸਬੀਰ ਸਿੰਘ ਆਕਲੀਆ, ਅਮਰਜੀਤ ਸਿੰਘ ਹਨੀ, ਕਰਮ ਸਿੰਘ ਭਾਈ ਰੂਪਾ, ਜਗਸੀਰ ਸਿੰਘ ਝੁੰਬਾ, ਮੁਲਾਜ਼ਮ ਆਗੂ ਗੁਰਵਿੰਦਰ ਸਿੰਘ, ਰੇਸ਼ਮ ਸਿੰਘ, ਚੰਦਰ ਸ਼ਰਮਾ, ਮਜ਼ਦੂਰ ਆਗੂ ਤੀਰਥ ਸਿੰਘ ਕੋਠਾ ਅਤੇ ਇਸਤਰੀ ਆਗੂ ਮਾਲਣ ਕੌਰ ਕੋਠਾ ਗੁਰੂ ਵੀ ਹਾਜ਼ਰ ਰਹੇ।