ਲਾਈਨਪਾਰ ਇਲਾਕੇ ’ਚ ਖੁੱਲ੍ਹੇਆਮ ਗੁੰਡਾਗਰਦੀ, ਵੀਡੀਓ ਵਾਇਰਲ
ਬਠਿੰਡਾ ਦੇ ਲਾਈਨਪਾਰ ਇਲਾਕੇ ਵਿਚ ਖਲ੍ਹੇਆਮ ਗੁੰਡਾਗਰਦੀ, ਵੀਡੀਓ ਵਾਇਰਲ
Publish Date: Sun, 22 Feb 2026 07:03 PM (IST)
Updated Date: Mon, 23 Feb 2026 04:13 AM (IST)

-ਪਾਬੰਦੀਸ਼ੁਦਾ ਪਦਾਰਥਾਂ ਦੀ ਤਸਕਰੀ ਬਾਰੇ ਦੋ ਧੜਿਆਂ ’ਚ ਝੜਪ, ਸੁਖਬੀਰ ਬਾਦਲ ਨੇ ਸੂਬਾ ਸਰਕਾਰ ਤੇ ਲਾਇਆ ਨਿਸ਼ਾਨਾ ਸੀਨੀਅਰ ਸਟਾਫ਼ ਰਿਪੋਰਅਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਲਾਈਨਪਾਰ ਇਲਾਕੇ ਵਿੱਚ ਖੁੱਲ੍ਹੇਆਮ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਹੈ। ਇੰਟਰਨੈੱਟ ਤੇ ਵਾਇਰਲ ਹੋਈ ਵੀਡੀਓ ਵਿਚ ਇਕ ਦਰਜਨ ਤੋਂ ਵੱਧ ਨੌਜਵਾਨ ਕੁਝ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਸ਼ੁਰੂਆਤੀ ਝਗੜਾ ਦੋ ਧੜਿਆਂ ਵਿਚਾਲੇ ਪਹਿਲਾਂ ਹੋਈ ਲੜਾਈ ਨਾਲ ਜੁੜਿਆ ਹੈ। ਇਕ ਧੜੇ ਦੇ ਕੁਝ ਨੌਜਵਾਨਾਂ ਨੇ ਦੂਜੇ ਧੜੇ ਦੇ ਇਕ ਨੌਜਵਾਨ ਤੇ ਹਮਲਾ ਕੀਤਾ ਸੀ। ਇਸ ਦਾ ਬਦਲਾ ਲੈਣ ਲਈ ਦੂਜੇ ਧਿਰ ਦਾ ਨੌਜਵਾਨ ਆਪਣੇ ਦੋਸਤਾਂ ਨਾਲ ਮੌਕੇ ਤੇ ਪਹੁੰਚਿਆ ਤੇ ਵਿਰੋਧੀ ਧੜੇ ਤੇ ਹਮਲਾ ਕਰ ਦਿੱਤਾ। ਇਸ ਘਟਨਾ ਹੁੰਦੇ ਹੋਏ ਦੂਰ ਤੋਂ ਰਾਹਗੀਰ ਦੇਖ ਰਹੇ ਸਨ। ਸਥਾਨਕ ਸੂਤਰਾਂ ਨੇ ਕਿਹਾ ਕਿ ਝਗੜੇ ਦਾ ਮੁੱਖ ਕਾਰਨ ਪਾਬੰਦੀਸ਼ੁਦਾ ਪਦਾਰਥਾਂ ਦੀ ਤਸਕਰੀ ਤੇ ਸਬੰਧਤ ਵਿੱਤੀ ਲੈਣ-ਦੇਣ ਹੈ। ਦੋਵੇਂ ਧਿਰਾਂ ਇਲਾਕੇ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਜਬਰੀ ਵਸੂਲੀ ’ਚ ਸ਼ਾਮਲ ਹਨ। ਦੋਵੇਂ ਧੜਿਆਂ ਵਿਚਾਲੇ ਪਾਬੰਦੀਸ਼ੁਦਾ ਪਦਾਰਥਾਂ ਦੀ ਖੇਤਰ ਤੇ ਫੰਡਾਂ ਦੀ ਵੰਡ ਸਬੰਧੀ ਤਣਾਅ ਵਧ ਰਿਹਾ ਸੀ, ਜੋ ਬਾਅਦ ’ਚ ਹਿੰਸਕ ਝੜਪ ’ਚ ਬਦਲ ਗਿਆ ਤੇ ਇਹ ਵੀਡੀਓ ਵਾਇਰਲ ਹੋ ਗਿਆ, ਜਿਸ ਨਾਲ ਸਿਆਸੀ ਪ੍ਰਤੀਕਿਰਿਆਵਾਂ ਸ਼ੁਰੂ ਹੋ ਗਈਆਂ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸਾਂਝੀ ਕਰਦਿਆਂ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੇ ਸਵਾਲ ਉਠਾਏ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ’ਚ ਗੈਂਗਸਟਰਵਾਦ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚਕਾਰ ਡੂੰਘਾ ਸਬੰਧ ਹੈ ਅਤੇ ਇਹ ਸਰਗਰਮੀਆਂ ਸੱਤਾਧਾਰੀ ਸਿਆਸਤਦਾਨਾਂ ਦੀ ਹਮਾਇਤ ’ਚ ਵਧ-ਫੁੱਲ ਰਹੀਆਂ ਹਨ। ਬਠਿੰਡਾ ’ਚ ਨਸ਼ਾ ਤਸਕਰਾਂ ਵਿਚਕਾਰ ਆਪਣੇ ਖੇਤਰ ਨੂੰ ਲੈ ਕੇ ਇਹ ਖੁੱਲ੍ਹੀ ਗੈਂਗਵਾਰ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ। ਉਨ੍ਹਾਂ ਅਨੁਸਾਰ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਸਿਰਫ਼ ਇੱਕ ਦਿਖਾਵਾ ਬਣ ਗਈ ਹੈ। ਫਿਲਹਾਲ ਪੁਲਿਸ ਨੇ ਵਾਇਰਲ ਵੀਡੀਓ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਲਾਕੇ ’ਚ ਤਣਾਅ ਨੂੰ ਦੇਖਦੇ ਹੋਏ ਪੁਲਿਸ ਫੋਰਸ ਤਾਇਨਾਤ ਕੀਤੀ ਹੈ।