ਐੱਨਐੱਸਐੱਸ ਕੈਂਪ ਦੌਰਾਨ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ
ਡੀਏਵੀ ਕਾਲਜ ਵਿਚ ਸੱਤ ਰੋਜ਼ਾ ਐਨਐਸਐਸ ਕੈਂਪ ਦੇ ਪੰਜਵੇ ਦਿਨ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ
Publish Date: Sun, 22 Feb 2026 04:56 PM (IST)
Updated Date: Mon, 23 Feb 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਡੀਏਵੀ ਕਾਲਜ ਵਿਖੇ ਸੱਤ ਰੋਜ਼ਾ ਐਨਐਸਐਸ ਕੈਂਪ ਦੇ ਪੰਜਵੇਂ ਦਿਨ ਨੂੰ “ਨਸ਼ਿਆਂ ਵਿਰੁੱਧ ਜੰਗ” ਅਤੇ “ਵਾਤਾਵਰਨ ਸੰਭਾਲ” ਵਿਸ਼ਿਆਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵਿੱਚ ਸਮਾਜਿਕ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਮਜ਼ਬੂਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਦਿਨ ਦੀ ਸ਼ੁਰੂਆਤ ਪ੍ਰਾਰਥਨਾ ਸੈਸ਼ਨ ਨਾਲ ਹੋਈ। ਇਸ ਉਪਰੰਤ ਪ੍ਰੋ. ਅਮਿਤ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਵਲੰਟੀਅਰਾਂ ਨੇ ਯੋਗਾ ਅਤੇ ਧਿਆਨ ਅਭਿਆਸ ਕੀਤਾ ਅਤੇ ਧਿਆਨ ਦੌਰਾਨ ਵੱਖ-ਵੱਖ ਮੰਤਰਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਦੂਜੇ ਸੈਸ਼ਨ ਵਿਚ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਲਖਵੀਰ ਸਿੰਘ ਅਤੇ ਬੀਏ ਦੂਜੇ ਸਾਲ ਦੇ ਵਿਦਿਆਰਥੀ ਰੋਹਿਤ ਸੋਨੀ ਵੱਲੋਂ ਭਜਨ ਗਾਇਨ ਕੀਤਾ ਗਿਆ। ਤੀਜੇ ਪੜਾਅ ਵਿਚ “ਵਾਤਾਵਰਣ ਬਚਾਓ” ਅਤੇ “ਨਸ਼ਿਆਂ ਨੂੰ ਨਾਂਹ ਕਹੋ” ਵਿਸ਼ਿਆਂ ‘ਤੇ ਪੋਸਟਰ ਮੁਕਾਬਲਾ ਕਰਵਾਇਆ ਗਿਆ। ਇਸਦੇ ਨਾਲ “ਸਵੱਛਤਾ ਹੀ ਸੇਵਾ ਹੈ” ਅਤੇ “ਵਿਕਸਤ ਭਾਰਤ” ਥੀਮਾਂ ‘ਤੇ ਸਲੋਗਨ ਲਿਖਣ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਚੌਥੇ ਪੜਾਅ ਵਿਚ ਬੀਬੀਵਾਲਾ ਰੋਡ ‘ਤੇ “ਜਾਗੋ, ਨਸ਼ਿਆਂ ਤੋਂ ਮੁਕਤ ਹੋਵੋ” ਥੀਮ ਅਧੀਨ ਰੈਲੀ ਕੱਢੀ ਗਈ। ਵਿਦਿਆਰਥੀਆਂ ਨੇ ਨਸ਼ਿਆਂ ਦੀ ਬੁਰਾਈ ਵਿਰੁੱਧ ਨਾਅਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਕੈਂਪ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਪਰਾਲੇ ਸਰਕਾਰੀ ਮੁਹਿੰਮਾਂ ਨਾਲ ਮੇਲ ਖਾਂਦੇ ਹਨ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਸਹਾਇਕ ਸਾਬਤ ਹੋਣਗੇ। ਉਨ੍ਹਾਂ ਨੇ ਐਨਐਸਐਸ ਟੀਮ ਅਤੇ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ।