ਸ਼ਹੀਦ ਸ਼ੁਭਕਰਨ ਸਿੰਘ ਨੂੰ ਦੂਜੇ ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਭੇਟ
ਬੱਲੋਂ ਵਿਚ ਸ਼ਹੀਦ ਸ਼ੁਭਕਰਨ ਸਿੰਘ ਨੂੰ ਦੂਜੇ
Publish Date: Sun, 22 Feb 2026 04:50 PM (IST)
Updated Date: Mon, 23 Feb 2026 04:04 AM (IST)

ਮਨਪ੍ਰੀਤ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ 21 ਫਰਵਰੀ 2024 ਨੂੰ ਖਨੌਰੀ ਬਾਰਡਰ ‘ਤੇ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਉਨ੍ਹਾਂ ਦੇ ਜੱਦੀ ਪਿੰਡ ਬੱਲੋਂ ਵਿਚ ਦੂਜੇ ਸ਼ਹੀਦੀ ਸਮਾਗਮ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਮਨਾਇਆ ਗਿਆ, ਜਿਸ ’ਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ, ਧਾਰਮਿਕ ਸ਼ਖ਼ਸੀਅਤਾਂ ਅਤੇ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਕਿਸਾਨ ਅੰਦੋਲਨ ਅਤੇ ਹੋਰ ਮੀਟਿੰਗਾਂ ਦੌਰਾਨ ਡਾ. ਸਵਾਮੀਨਾਥਨ ਕਮਿਸ਼ਨ ਦੇ C² 50 ਫੀਸਦੀ ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ, ਐੱਮਐੱਸਪੀ ਦਾ ਗਾਰੰਟੀ ਕਾਨੂੰਨ, ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ ਮੁਕਤੀ, 2020 ਬਿਜਲੀ ਸੋਧ ਬਿੱਲ ਨੂੰ ਵਾਪਸ ਲੈਣਾ ਅਤੇ ਖੇਤੀ ਖੇਤਰ ਨੂੰ ਪੋਲਿਊਸ਼ਨ ਐਕਟ ਤੋਂ ਬਾਹਰ ਰੱਖਣ ਸਮੇਤ ਕਈ ਮੰਗਾਂ ਲਿਖਤ ’ਚ ਮੰਨਣ ਦਾ ਵਾਅਦਾ ਕੀਤਾ ਗਿਆ ਸੀ। ਆਗੂਆਂ ਦੇ ਅਨੁਸਾਰ, ਮੰਗਾਂ ਦੀ ਯਾਦ ਦਿਹਾਣੀ ਲਈ 2024 ਵਿਚ ਸ਼ਾਂਤਮਈ ਢੰਗ ਨਾਲ ਦਿੱਲੀ ਕੂਚ ਕੀਤਾ ਗਿਆ, ਪਰ ਖਨੌਰੀ ਬਾਰਡਰ ‘ਤੇ ਗੋਲੀਬਾਰੀ ਦੌਰਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ। ਆਗੂਆਂ ਨੇ ਦੋਸ਼ ਲਾਇਆ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਲਾਗੂ ਕਰਨ ਦੀ ਬਜਾਏ ਕੇਂਦਰ ਸਰਕਾਰ ਹੋਰ ਨੀਤੀਆਂ ਰਾਹੀਂ ਲੋਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਸਮਾਗਮ ਦੌਰਾਨ ਬੋਲਣ ਵਾਲਿਆਂ ਨੇ ਇਤਿਹਾਸਕ ਹਵਾਲੇ ਦਿੰਦਿਆਂ ਕਿਹਾ ਕਿ ਦੇਸ਼ ਦੇ ਹੱਕਾਂ ਅਤੇ ਖੇਤੀਬਾੜੀ ਦੀ ਰੱਖਿਆ ਲਈ ਲੋਕਾਂ ਨੂੰ ਜਾਗਰੂਕ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਮੋਰਚਾ (ਗੈਰ-ਰਾਜਨੀਤਿਕ) ਭਾਰਤ ਵੱਲੋਂ ਕੰਨਿਆਕੁਮਾਰੀ ਤੋਂ ਜੰਮੂ-ਕਸ਼ਮੀਰ ਤੱਕ ਜਾਗਰੂਕਤਾ ਯਾਤਰਾ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਕਿ ਮੋਰਚਿਆਂ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਸ਼ਹੀਦ ਸ਼ੁਭਕਰਨ ਸਿੰਘ ਦੇ ਘਰ ਤੱਕ ਪੱਕੀ ਸੜਕ ਬਣਾਉਣ, ਨਾਲ ਹੀ ਪਿੰਡ ਦੇ ਸਕੂਲ ਨੂੰ ਸ਼ਹੀਦ ਦੇ ਨਾਮ ‘ਤੇ ਅਪਗਰੇਡ ਕਰਨ ਦੇ ਵਾਅਦੇ ਤੁਰੰਤ ਪੂਰੇ ਕੀਤੇ ਜਾਣ। ਇਸ ਮੌਕੇ ਕਾਕਾ ਸਿੰਘ ਕੋਟੜਾ, ਸਤਨਾਮ ਸਿੰਘ ਬਹਿਰੂ, ਬਲਦੇਵ ਸਿੰਘ ਸਿਰਸਾ, ਸੁਖਦੇਵ ਸਿੰਘ ਭੋਜਰਾਜ, ਗੁਰਦਾਸ ਸਿੰਘ ਹਰਿਆਣਾ, ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ, ਇੰਦਰਜੀਤ ਸਿੰਘ ਘਣੀਆ, ਬਲਦੇਵ ਸਿੰਘ ਵਡਾਲਾ ਅਤੇ ਸ਼ਿੰਗਾਰਾ ਸਿੰਘ ਸਮੇਤ ਕਈ ਕਿਸਾਨ ਆਗੂ, ਧਾਰਮਿਕ ਤੇ ਸਮਾਜ ਸੇਵੀ ਹਾਜ਼ਰ ਸਨ।