ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਦਾ ਧਰਨਾ ਜਾਰੀ
ਨਗਰ ਕੌਂਸਲ ਦੇ ਸਫਾਈ ਸੇਵਕਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ
Publish Date: Thu, 19 Feb 2026 06:40 PM (IST)
Updated Date: Thu, 19 Feb 2026 06:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੁੱਚੋ ਮੰਡੀ : ਨਗਰ ਕੌਂਸਲ ਭੁੱਚੋ ਮੰਡੀ ਅਧੀਨ ਕੰਮ ਕਰ ਰਹੇ ਸਫ਼ਾਈ ਸੇਵਕਾਂ ਅਤੇ ਸੀਵਰੇਜ ਕਰਮਚਾਰੀਆਂ ਵੱਲੋਂ ਬਕਾਇਆ ਤਨਖ਼ਾਹ ਅਤੇ ਪੀਐੱਫ ਦੀ ਅਦਾਇਗੀ ਲਈ ਸ਼ੁਰੂ ਕੀਤਾ ਗਿਆ ਧਰਨਾ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਕਰਮਚਾਰੀਆਂ ਨੇ ਨਗਰ ਕੌਂਸਲ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਤਨਖ਼ਾਹ ਰੁਕੀ ਹੋਈ ਹੈ ਅਤੇ ਵਿਭਾਗੀ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਸਫ਼ਾਈ ਸੇਵਕ ਯੂਨੀਅਨ ਭੁੱਚੋ ਮੰਡੀ ਦੇ ਪ੍ਰਧਾਨ ਪੱਪੂ ਰਾਮ, ਸਕੱਤਰ ਦਿਲਬਾਗ ਅਤੇ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੰਜ ਮਹੀਨਿਆਂ ਦੀ ਤਨਖ਼ਾਹ ਬਕਾਇਆ ਹੈ। ਇਸ ਤੋਂ ਇਲਾਵਾ ਪੀਐੱਫ. ਸਮੇਤ ਹੋਰ ਕਈ ਹੱਕੀ ਮੰਗਾਂ ਵੀ ਪੈਂਡਿੰਗ ਹਨ। ਉਨ੍ਹਾਂ ਕਿਹਾ ਕਿ ਮਜਬੂਰੀਵੱਸ ਕਰਮਚਾਰੀਆਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ। ਯੂਨੀਅਨ ਆਗੂਆਂ ਅਨੁਸਾਰ ਈਓ ਵਿਪਨ ਕੁਮਾਰ ਨੇ ਮੀਟਿੰਗ ਦੌਰਾਨ ਇਕ ਮਹੀਨੇ ਦੀ ਤਨਖ਼ਾਹ ਜਾਰੀ ਕਰਨ ਦੀ ਗੱਲ ਕੀਤੀ ਹੈ, ਪਰ ਕਰਮਚਾਰੀਆਂ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤਕ ਪੂਰੇ ਪੰਜ ਮਹੀਨਿਆਂ ਦੀ ਬਕਾਇਆ ਰਕਮ ਜਾਰੀ ਨਹੀਂ ਕੀਤੀ ਜਾਂਦੀ, ਉਦੋਂ ਤਕ ਧਰਨਾ ਜਾਰੀ ਰਹੇਗਾ। ਇਸ ਮੌਕੇ ਅੰਗਰੇਜ਼ ਸਿੰਘ, ਲਛਮਣ ਦਾਸ, ਧਰਮਵੀਰ, ਹਰਦੇਵ ਸਿੰਘ, ਸ਼ਿਵ ਕੁਮਾਰ, ਸੰਜੀਵ, ਬਜਿੰਦਰ ਆਦਿ ਕਰਮਚਾਰੀ ਮੌਜੂਦ ਸਨ।