ਟੈੱਟ ਲਾਗੂ ਕਰਨ ਦੇ ਫ਼ੈਸਲੇ ਦਾ ਤਿੱਖਾ ਵਿਰੋਧ, 22 ਨੂੰ ਰੋਸ ਮਾਰਚ ਦਾ ਐਲਾਨ
ਟੈੱਟ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਦਾ ਤਿੱਖਾ ਵਿਰੋਧ, 22 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ’ਚ ਰੋਸ ਮਾਰਚ ਦਾ ਐਲਾਨ
Publish Date: Thu, 19 Feb 2026 06:06 PM (IST)
Updated Date: Thu, 19 Feb 2026 06:09 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਟੈੱਟ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਸਖ਼ਤ ਰੋਸ ਪ੍ਰਗਟ ਕੀਤਾ ਗਿਆ ਹੈ। ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਅਤੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਨੇ ਕਿਹਾ ਕਿ ਦੇਸ਼ ਭਰ ਦੇ ਅਧਿਆਪਕ ਵਰਗ ’ਤੇ ਟੈੱਟ ਦੀ ਤਲਵਾਰ ਲਟਕਾ ਕੇ ਸਰਕਾਰ ਅਧਿਆਪਕਾਂ ਨੂੰ ਮਨੋਵਿਗਿਆਨਕ ਦਬਾਅ ਹੇਠ ਲਿਆਉਣਾ ਚਾਹੁੰਦੀ ਹੈ। ਉਨ੍ਹਾਂ ਇਸ ਫੈਸਲੇ ਨੂੰ ‘ਨਾਦਰਸ਼ਾਹੀ ਫੁਰਮਾਨ’ ਕਰਾਰ ਦਿੰਦਿਆਂ ਕਿਹਾ ਕਿ ਇਹ ਕਦਮ ਅਧਿਆਪਕ ਵਰਗ ਦੀ ਮਿਹਨਤ ਅਤੇ ਯੋਗਤਾ ’ਤੇ ਸਵਾਲ ਖੜ੍ਹੇ ਕਰਦਾ ਹੈ। ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਸਮੂਹਿਕ ਤੌਰ ’ਤੇ ਟੈੱਟ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਸਬੰਧੀ ਸੂਬੇ ਭਰ ਦੇ ਅਧਿਆਪਕਾਂ ਨੂੰ ਇੱਕਜੁੱਟ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਅਧਿਆਪਕਾਂ ’ਤੇ ਮੁੜ ਪ੍ਰੀਖਿਆ ਦੀ ਸ਼ਰਤ ਲਗਾਉਣਾ ਨਿਆਂਸੰਗਤ ਨਹੀਂ ਹੈ। ਯੂਨੀਅਨ ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਟੈੱਟ ਦੇ ਵਿਰੋਧ ਵਿੱਚ ਇਕੱਠੀਆਂ ਹੋ ਚੁੱਕੀਆਂ ਹਨ। ਇਸ ਸੰਦਰਭ ਵਿੱਚ 22 ਫਰਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡਾ ਰੋਸ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਰਚ ਵਿੱਚ ਈਟੀਟੀ ਅਧਿਆਪਕ ਯੂਨੀਅਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ ਅਤੇ ਸਰਕਾਰ ਤਕ ਆਪਣੀ ਆਵਾਜ਼ ਪਹੁੰਚਾਏਗੀ।
ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਭਗਤਾ ਨੇ ਕਿਹਾ ਕਿ ਅਧਿਆਪਕ ਵਰਗ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਲੜਾਈ ਸਿਰਫ਼ ਇੱਕ ਯੂਨੀਅਨ ਦੀ ਨਹੀਂ, ਸਗੋਂ ਪੂਰੇ ਅਧਿਆਪਕ ਸਮਾਜ ਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੀਬਰ ਕੀਤਾ ਜਾਵੇਗਾ ਅਤੇ ਸੂਬਾ ਪੱਧਰ ’ਤੇ ਵੱਡੇ ਆੰਦੋਲਨ ਦੀ ਰਣਨੀਤੀ ਬਣਾਈ ਜਾਵੇਗੀ। ਇਸ ਮੌਕੇ ਜ਼ਿਲ੍ਹਾ ਆਗੂ ਜਗਮੇਲ ਸਿੰਘ, ਨਛੱਤਰ ਸਿੰਘ ਵਿਰਕ, ਰਾਜ ਕੁਮਾਰ ਵਰਮਾ, ਰਵਿੰਦਰ ਰਾਜੂ, ਹਰਭਜਨ ਸਿੰਘ, ਪ੍ਰਤਾਪ ਸਿੰਘ ਭੁੱਚੋ, ਅਵਤਾਰ ਦਾਸ, ਜਗਜੀਤ ਖਾਨਾ, ਸਤਵਿੰਦਰ ਸਿੰਘ ਘੰਦਬੰਨਾ, ਗੁਰਪ੍ਰੀਤ ਸਕਿੰਟੂ ਸਮੇਤ ਹੋਰ ਆਗੂ ਹਾਜ਼ਰ ਸਨ। ਯੂਨੀਅਨ ਨੇ ਅਖੀਰ ਵਿੱਚ ਕਿਹਾ ਕਿ ਉਹ ਅਧਿਆਪਕ ਹਿੱਤਾਂ ਦੀ ਰੱਖਿਆ ਲਈ ਸੰਵਿਧਾਨਕ ਅਤੇ ਸ਼ਾਂਤਮਈ ਢੰਗ ਨਾਲ ਆਪਣਾ ਸੰਘਰਸ਼ ਜਾਰੀ ਰੱਖੇਗੀ ਅਤੇ ਸਰਕਾਰ ਨੂੰ ਇਸ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰੇਗੀ।