ਇਮਾਨਦਾਰੀ ਦੀ ਮਿਸਾਲ, ਸੇਵਾਦਾਰ ਨੇ ਢਾਈ ਲੱਖ ਰੁਪਏ ਕੀਤੇ ਵਾਪਸ
ਇਮਾਨਦਾਰੀ ਦੀ ਮਿਸਾਲ- ਗੁਰਦੁਆਰਾ ਲਵੇਰੀਸਰ ਸਾਹਿਬ ਦੇ ਸੇਵਾਦਾਰ ਨੇ ਢਾਈ ਲੱਖ ਰੁਪਏ ਕੀਤੇ ਵਾਪਸ
Publish Date: Thu, 19 Feb 2026 06:03 PM (IST)
Updated Date: Thu, 19 Feb 2026 06:06 PM (IST)

- ਆਨੰਦ ਕਾਰਜ਼ ਬਾਅਦ ਪਰਸ ਭੁੱਲ ਗਏ ਸਨ ਕੁੜੀ ਦੇ ਪਰਿਵਾਰਕ ਮੈਂਬਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਨੇੜੇ ਪਿੰਡ ਭੁੱਚੋ ਖੁਰਦ ਦੇ ਇਤਿਹਾਸਕ ਗੁਰਦੁਆਰਾ ਲਵੇਰੀਸਰ ਸਾਹਿਬ ’ਚ ਪਿਛਲੇ ਇਕ ਸਾਲ ਤੋਂ ਦੇਗ ਵਰਤਾਉਣ ਦੀ ਸੇਵਾ ਕਰ ਰਹੇ ਬਾਬਾ ਸੰਧੂਰਾ ਸਿੰਘ ਪਿੰਡ ਚੱਕ ਫਤਿਹ ਸਿੰਘ ਵਾਲਾ ਨੇ ਇਮਾਨਦਾਰੀ ਦਿਖਾਉਂਦਿਆਂ ਗੁਰੂ ਘਰ ਵਿੱਚ ਢਾਈ ਲੱਖ ਰੁਪਏ ਦੀ ਨਕਦੀ ਵਾਲਾ ਪਰਸ ਮੋੜ ਕੇ ਇਨਸਾਨੀਅਤ ਦਿਖਾਈ ਹੈ। ਇਸ ਸਬੰਧੀ ਮੁਲਤਾਨੀਆਂ ਦੇ ਬਲਤੇਜ ਸਿੰਘ ਨੇ ਦੱਸਿਆ ਕਿ ਮੀਆਂ ਪਿੰਡ ਤੋਂ ਉਨ੍ਹਾਂ ਦੀ ਭਾਣਜੀ ਦਾ ਪਿਛਲੇ ਦਿਨੀਂ ਵਿਆਹ ਭੁੱਚੋ ਖੁਰਦ ਨੇੜਲੇ ਕੌਪਰਫੀਲਡ ਮੈਰਿਜ਼ ਪੈਲੇਸ ਵਿੱਚ ਹੋਇਆ ਸੀ। ਉਹ ਆਪਣੀ ਭਾਣਜੀ ਦੇ ਭੁੱਚੋ ਖੁਰਦ ਨੇੜਲੇ ਗੁਰਦੁਆਰਾ ਲਵੇਰੀਸਰ ਸਾਹਿਬ ਵਿਖੇ ਅਨੰਦ ਕਾਰਜ ਦੀ ਰਸਮ ਤੋਂ ਬਾਅਦ ਦਰਬਾਰ ਸਾਹਿਬ ਤੋਂ ਬਾਹਰ ਜੋੜੇ ਪਾਉਣ ਲੱਗੇ ਤਾਂ ਨਕਦੀ ਵਾਲਾ ਪਰਸ ਉੱਥੇ ਹੀ ਭੁੱਲ ਗਏ, ਜਿਸ ਵਿਚ ਢਾਈ ਲੱਖ ਰੁਪਏ ਸਨ। ਜਿਉਂ ਹੀ ਉਹ ਮੈਰਿਜ ਪੈਲੇਸ ਵਿੱਚ ਗਏ ਤਾਂ ਉਨ੍ਹਾਂ ਦੇਖਿਆ ਕਿ ਨਕਦੀ ਵਾਲਾ ਪਰਸ ਨਹੀਂ ਸੀ। ਬਲਤੇਜ ਸਿੰਘ ਨੇ ਦੱਸਿਆ ਕਿ ਉਸ ਨੂੰ ਵਿਆਹ ਵਾਲੀ ਲੜਕੀ ਦੇ ਪਿਤਾ ਕੁਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੈਸਿਆਂ ਵਾਲਾ ਪਰਸ ਉਸ ਕੋਲ ਨਹੀਂ ਹੈ, ਆਸ-ਪਾਸ ਪੜਤਾਲ ਕੀਤੀ, ਕਾਰ ਵਿੱਚ ਵੀ ਦੇਖਿਆ ਪਰਸ ਕਿਤੋਂ ਵੀ ਨਹੀਂ ਮਿਲਿਆ। ਇਸ ਉਪਰੰਤ ਉਹ ਗੁਰਦੁਆਰਾ ਲਵੇਰੀਸਰ ਸਾਹਿਬ ਪਹੁੰਚੇ ਤਾਂ ਬਾਬਾ ਸੰਧੂਰਾ ਸਿੰਘ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ। ਦਰਬਾਰ ਸਾਹਿਬ ਦੇ ਬਾਹਰ ਪਿਆ ਪਰਸ ਉਸ ਨੇ ਚੁੱਕ ਲਿਆ ਸੀ, ਉਹ ਪਰਸ ਉਨ੍ਹਾਂ ਕੋਲ ਸੁਰੱਖਿਅਤ ਹੈ। ਉਨ੍ਹਾਂ ਨੇ ਨਕਦੀ ਵਾਲਾ ਪਰਸ ਦਿੰਦਿਆਂ ਕਿਹਾ ਕਿ ਤੁਸੀਂ ਪਰਸ ਚੈੱਕ ਕਰ ਲਵੋ, ਪਰਸ ਚੈੱਕ ਤਾਂ ਨਕਦੀ ਪੂਰੀ ਹੀ ਸੀ। ਪਰਸ ਵਾਪਸ ਮਿਲਣ ਤੋਂ ਬਾਅਦ ਉਨ੍ਹਾਂ ਬਾਬਾ ਸੰਧੂਰਾ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਦੇਗ ਵਰਤਾਉਣ ਦੀ ਗੁਰਦੁਆਰਾ ਸਾਹਿਬ ’ਚ ਸੇਵਾ ਨਿਭਾ ਰਹੇ ਹਨ। ਲੜਕੀ ਦੇ ਪਿਤਾ ਕੁਲਵੀਰ ਸਿੰਘ ਢਿੱਲੋਂ ਨੇ ਬਾਬਾ ਸੰਧੂਰਾ ਸਿੰਘ ਦਾ ਦਿਲੋਂ ਧੰਨਵਾਦ ਕੀਤਾ, ਜਿਸ ਨੇ ਇਨਸਾਨੀਅਤ ਦਿਖਾਉਂਦੇ ਹੋਏ ਪੈਸਿਆਂ ਵਾਲਾ ਪਰਸ ਮੋੜ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।