ਰਾਸ਼ਟਰੀ ਸਵੈ ਸੇਵਕ ਸੰਘ ਨੇ ਘਰ ’ਚ ਊਰਜਾ ਬੱਚਤ ਵਿਸ਼ੇ ’ਤੇ ਲਾਈ ਪ੍ਰਦਰਸ਼ਨੀ
ਰਾਸ਼ਟਰੀਅ ਸਵੰਮ ਸੇਵਕ ਸੰਘ ਨੇ ਘਰ ਵਿਚ ਊਰਜਾ ਬਚਤ ਵਿਸ਼ੇ ’ਤੇ ਪ੍ਰਦਰਸ਼ਨੀ ਲਗਾਈ
Publish Date: Thu, 19 Feb 2026 04:18 PM (IST)
Updated Date: Thu, 19 Feb 2026 04:21 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ : ਬਠਿੰਡਾ ਸ਼੍ਰੀ ਰਾਮ ਮੰਦਰ ਗ੍ਰੀਨ ਸਿਟੀ ਬਠਿੰਡਾ ਵਿਖੇ ਰਾਸ਼ਟਰੀ ਸਵੈ ਸੇਵਕ ਸੰਘ ਬਠਿੰਡਾ ਵੱਲੋਂ ਸ਼੍ਰੀ ਸਨਾਤਨ ਮੰਚ ਦੇ ਸਹਿਯੋਗ ਨਾਲ ਵਾਤਾਵਰਣ ਬਚਾਓ ਪ੍ਰਯਾਸ ਤਹਿਤ ਘਰ ਵਿੱਚ ਊਰਜਾ ਬੱਚਤ ਵਿਸ਼ੇ ’ਤੇ ਜਾਣਕਾਰੀ ਪ੍ਰਦਰਸ਼ਨੀ ਲਾਈ ਗਈ। ਇਹ ਪ੍ਰਦਰਸ਼ਨੀ ਵਾਤਾਵਰਣ ਪ੍ਰੇਮੀ ਅਸ਼ੋਕ ਮਿੱਤਲ, ਰਮੇਸ਼ ਗੁਪਤਾ ਅਤੇ ਵੀਨਾ ਰਾਣੀ ਵੱਲੋਂ ਤਿਆਰ ਕੀਤੀ ਗਈ। ਪ੍ਰਦਰਸ਼ਨੀ ਵਿੱਚ ਬਿਜਲੀ, ਇੰਧਨ ਅਤੇ ਰਸੋਈ ਗੈਸ ਦੀ ਸੁਚੱਜੀ ਵਰਤੋਂ ਨਾਲ ਊਰਜਾ ਬੱਚਤ ਕਰਨ ਦੇ ਤਰੀਕੇ ਮਾਡਲਾਂ, ਪਲੇਅ-ਕਾਰਡਾਂ ਅਤੇ ਯੰਤਰਾਂ ਰਾਹੀਂ ਦਰਸਾਏ ਗਏ। ਫਰਿਜ ਦਾ ਦਰਵਾਜ਼ਾ ਘੱਟ ਖੋਲ੍ਹਣਾ, ਲੰਬੇ ਸਮੇਂ ਲਈ ਖੁੱਲ੍ਹਾ ਨਾ ਰੱਖਣਾ, ਤਾਪਮਾਨ ਸਵਿੱਚ ਦੀ ਸਹੀ ਵਰਤੋਂ ਕਰਨਾ ਅਤੇ ਗਰਮ ਵਸਤਾਂ ਫਰਿਜ ਵਿੱਚ ਨਾ ਰੱਖਣ ਨਾਲ ਬਿਜਲੀ ਦੀ ਬਚਤ ਹੋ ਸਕਦੀ ਹੈ।
ਏਸੀ ਨੂੰ 24 ਤੋਂ 26 ਡਿਗਰੀ ਸੈਲਸੀਅਸ ’ਤੇ ਚਲਾਉਣ ਅਤੇ ਘਰ ਤੋਂ ਬਾਹਰ ਜਾਣ ਤੋਂ 15 ਮਿੰਟ ਪਹਿਲਾਂ ਬੰਦ ਕਰਨ ਦੀ ਸਲਾਹ ਦਿੱਤੀ ਗਈ। ਇੰਡਕਸ਼ਨ ਸਟੋਵ ਦੀ ਕਾਰਗੁਜ਼ਾਰੀ ਵੱਧ ਹੋਣ ਕਰ ਕੇ ਇਸਦੀ ਵਰਤੋਂ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਗੈਸ ਸਟੋਵ ਦੀ ਕਾਰਗੁਜ਼ਾਰੀ ਵਧਾਉਣ ਦੇ ਤਰੀਕੇ ਵੀ ਮਾਡਲਾਂ ਰਾਹੀਂ ਦਰਸਾਏ ਗਏ। ਸੂਰਜੀ ਊਰਜਾ ਅਤੇ ਸੂਰਜੀ ਵਾਟਰ ਹੀਟਰ ਨੂੰ ਲੰਬੇ ਸਮੇਂ ਲਈ ਆਰਥਿਕ ਅਤੇ ਪ੍ਰਦੂਸ਼ਣ ਰਹਿਤ ਵਿਕਲਪ ਵਜੋਂ ਉਭਾਰਿਆ ਗਿਆ। ਘਰਾਂ ਵਿਚ 13 ਅਤੇ 7 ਵਾਟ ਦੇ ਐੱਲਈਡੀ ਬਲਬ, ਬਾਥਰੂਮ ਵਿੱਚ 7 ਵਾਟ, ਟੇਬਲ ਲੈਂਪ ਵਿੱਚ 5 ਵਾਟ ਅਤੇ ਰਾਤ ਸਮੇਂ 0.5 ਵਾਟ ਦੇ ਬਲਬ ਦੀ ਵਰਤੋਂ ਲਾਭਦਾਇਕ ਦੱਸੀ ਗਈ। ਅਸ਼ੋਕ ਮਿੱਤਲ ਨੇ ਕਿਹਾ ਕਿ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਲੋਕਾਂ ਨੂੰ ਊਰਜਾ ਬਚਤ ਦੇ ਤਰੀਕਿਆਂ ਬਾਰੇ ਜਾਗਰੂਕ ਕਰਨਾ ਅਤੇ ਪ੍ਰਦੂਸ਼ਣ ਘਟਾਉਣ ਵਿੱਚ ਸਹਿਯੋਗ ਦੇਣਾ ਹੈ।