ਡੀਸੀ ਦਫ਼ਤਰ ਘੇਰਨ ਜਾਂਦੇ ਕਿਸਾਨਾਂ ’ਤੇ ਪੁਲਿਸ ਨੇ ਦਾਗ਼ੇ ਹੰਝੂ ਗੈਸ ਦੇ ਗੋਲ਼ੇ
ਡੀਸੀ ਦਫਤਰ ਦੇ ਘਿਰਾਓ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਵਿੱਚ ਤਿੱਖੀਆਂ ਝੜਪਾਂ
Publish Date: Wed, 18 Feb 2026 08:19 PM (IST)
Updated Date: Thu, 19 Feb 2026 04:10 AM (IST)
- ਪੁਲਿਸ ਤੇ ਕਿਸਾਨ ਹੋਏ ਆਹਮੋ-ਸਾਹਮਣੇ, ਕੀਤੀ ਇਕ-ਦੂਜੇ ’ਤੇ ਪੱਥਰਬਾਜ਼ੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਡਿਪਟੀ ਕਮਿਸ਼ਨਰ ਦਫਤਰ ਦੇ ਘਿਰਾਓ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਦਰਮਿਆਨ ਤਿੱਖੀਆਂ ਝੜਪਾਂ ਹੋਈਆਂ। ਪੁਲਿਸ ਨੇ ਕਿਸਾਨਾਂ ਨੂੰ ਖਿੰਡਾਉਣ ਲਈ ਵੱਡੀ ਗਿਣਤੀ ਹੰਝੂ ਗੈਸ ਦੇ ਗੋਲੇ ਦਾਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨ ਪਿੰਡ ਜਿਊਂਦ ਵਿੱਚ ਇਕੱਤਰ ਹੋਏ ਸਨ। ਇੱਥੋਂ ਕਿਸਾਨਾਂ ਨੇ ਵੱਡੇ ਕਾਫਲੇ ਦੇ ਰੂਪ ਵਿੱਚ ਬਠਿੰਡਾ ਨੂੰ ਰਵਾਨਾ ਹੋਣਾ ਸੀ ਪਰ ਜਦੋਂ ਇਸ ਗੱਲ ਦਾ ਪਤਾ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਉਨ੍ਹਾਂ ਪੂਰੇ ਪਿੰਡ ਨੂੰ ਘੇਰਾ ਪਾ ਲਿਆ। ਇਸ ਦੌਰਾਨ ਕਿਸਾਨ ਅਤੇ ਪੁਲਿਸ ਆਹਮੋ ਸਾਹਮਣੇ ਆ ਗਏ। ਜਿੱਥੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ’ਤੇ ਪੱਥਰਬਾਜ਼ੀ ਕੀਤੀ, ਉੱਥੇ ਹੀ ਪੁਲਿਸ ਵੀ ਜਵਾਬੀ ਕਿਸਾਨਾਂ ’ਤੇ ਪੱਥਰਬਾਜ਼ੀ ਕਰਦੀ ਨਜ਼ਰ ਆਈ। ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਪੁਲਿਸ ਨੇ ਵੱਡੀ ਗਿਣਤੀ ਹੰਝੂ ਗੈਸ ਦੇ ਗੋਲੇ ਛੱਡੇ।
ਬੁੱਧਵਾਰ ਨੂੰ ਸਵੇਰ ਤੋਂ ਹੀ ਪਿੰਡ ਜਿਉਂਦ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੋਸ਼ ਲਾਇਆ ਕਿ ਕਿਸਾਨ ਸ਼ਾਂਤਮਈ ਪਿੰਡ ਅੰਦਰ ਬੈਠੇ ਹੋਏ ਸਨ ਪਰ ਪੁਲਿਸ ਨੇ ਅਚਾਨਕ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਪੁਲਿਸ ਵੱਲੋਂ ਸੁੱਟੇ ਗਏ ਹੰਝੂ ਗੈਸ ਦੇ ਗੋਲਿਆਂ ਕਾਰਨ ਇੱਕ ਨੌਜਵਾਨ ਦਾ ਹੱਥ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਿਸਾਨਾਂ ’ਤੇ ਜਬਰ ਢਾਹਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੁਲਿਸ ਨੇ ਬੁੱਧਵਾਰ ਸਵੇਰੇ ਕਿਸਾਨਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਹੈ।
ਦੂਜੇ ਪਾਸੇ ਪਿੰਡ ਜਿਊਂਦ ਪੁੱਜੇ ਐੱਸਐੱਸਪੀ ਡਾ. ਜਯੋਤੀ ਯਾਦਵ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਜਿਉਂਦ ਪਿੰਡ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਪਿੰਡ ਜਿਊਂਦ ਵਿੱਚ ਕੁਝ ਸ਼ਰਾਰਤੀ ਲੋਕਾਂ ਵੱਲੋਂ ਮਕਾਨਾਂ ਉੱਪਰ ਚੜ੍ਹ ਕੇ ਪੁਲਿਸ ’ਤੇ ਪੱਥਰਬਾਜ਼ੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜੇਲ੍ਹ ਵਿਚ ਬੰਦ ਦੋ ਕਿਸਾਨਾਂ ਦੀ ਰਿਹਾਈ ਲਈ ਬੀਕੇਯੂ ਉਗਰਾਹਾਂ ਨੇ ਡੀਸੀ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ।