ਕਿਸਾਨਾਂ 'ਤੇ ਜਬਰ ਖ਼ਿਲਾਫ਼ ਏਡੀਸੀ ਨੂੰ ਮਿਲਿਆ ਜਨਤਕ ਜਥੇਬੰਦੀਆਂ ਦਾ ਵਫ਼ਦ
ਕਿਸਾਨਾਂ 'ਤੇ ਜਬਰ ਖ਼ਿਲਾਫ਼ ਏਡੀਸੀ ਨੂੰ ਮਿਲਿਆ ਜਨਤਕ ਜਥੇਬੰਦੀਆਂ ਦਾ ਵਫ਼ਦ
Publish Date: Wed, 18 Feb 2026 07:09 PM (IST)
Updated Date: Thu, 19 Feb 2026 04:09 AM (IST)

ਸਟਾਫ ਰਿਪੋਰਟਰ, ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨੌਂ ਮਹੀਨਿਆਂ ਤੋਂ ਝੂਠੇ ਕੇਸ ਤਹਿਤ ਜੇਲ੍ਹ ’ਚ ਬੰਦ ਆਗੂਆਂ ਦੀ ਰਿਹਾਈ ਲਈ ਅੱਜ ਡੀਸੀ ਦਫਤਰ ਬਠਿੰਡਾ ਅੱਗੇ ਰੱਖੇ ਸ਼ਾਂਤਮਈ ਧਰਨੇ ਨੂੰ ਰੋਕਣ ਲਈ ਪੁਲਿਸ ਵਲੋਂ ਕਿਸਾਨਾਂ ’ਤੇ ਜਬਰ ਢਾਹੁਣ ਦੀ ਕਾਰਵਾਈ ਖ਼ਿਲਾਫ਼ ਡੇਢ ਦਰਜਨ ਜਨਤਕ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਏਡੀਸੀ ਬਠਿੰਡਾ ਪੂਨਮ ਸਿੰਘ ਨੂੰ ਡੈਪੂਟੇਸ਼ਨ ਮਿਲ ਕੇ ਸਖ਼ਤ ਰੋਸ ਦਰਜ ਕਰਵਾਇਆ। ਆਗੂਆਂ ਨੇ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਸੌਂਪ ਕੇ ਪੁਲਿਸ ਵੱਲੋਂ ਪਿੰਡ ਜਿਉਂਦ ਵਿਖੇ ਇਕੱਠੇ ਹੋਏ ਕਿਸਾਨਾਂ ’ਤੇ ਹਮਲਾ ਕਰਨ, ਹੰਝੂ ਗੈਸ ਦੇ ਗੋਲੇ ਸੁੱਟਣ, ਪੱਥਰ ਮਾਰਨ ਅਤੇ ਲਾਠੀਚਾਰਜ ਕਰ ਕੇ ਪਿੰਡ ਮਾੜੀ ਦੇ ਕਿਸਾਨ ਦੀ ਲੱਤ ਤੋੜਨ, ਇਕ ਕਿਸਾਨ ਦਾ ਹੱਥ ਪਾੜਨ ਅਤੇ ਪਿੰਡ ਦੇ ਮਜ਼ਦੂਰ ਘਰਾਂ ’ਚ ਅਥਰੂ ਗੈਸ ਦੇ ਗੋਲੇ ਦਾਗ ਕੇ ਮਜ਼ਦੂਰ ਮੰਗਾ ਸਿੰਘ ਤੇ ਸ਼ਿੰਦਾ ਸਿੰਘ ਮਜ਼ਦੂਰ ਦੀਆਂ ਲਗਪਗ ਛੇ ਬੱਕਰੀਆਂ ਬੇਹੋਸ਼ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ , ਮਜ਼ਦੂਰਾਂ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰਨ, ਜੇਲੀਂ ਡੱਕੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਅੱਜ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ ਗਈ। ਡੈਪੂਟੇਸ਼ਨ ’ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਲਛਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਸਭਾ ਤੋਂ ਮਿੱਠੂ ਸਿੰਘ ਘੁੱਦਾ, ਜਮਹੂਰੀ ਕਿਸਾਨ ਸਭਾ ਤੋਂ ਮਲਕੀਤ ਸਿੰਘ, ਬੀਕੇਯੂ. ਡਕੌਂਦਾ ਧਨੇਰ ਤੋਂ ਗੁਰਦੀਪ ਸਿੰਘ ਰਾਮਪੁਰਾ, ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਤੋਂ ਕੁਲਦੀਪ ਸਿੰਘ, ਜਮਹੂਰੀ ਅਧਿਕਾਰ ਸਭਾ ਤੋਂ ਐਡਵੋਕੇਟ ਸੁਦੀਪ, ਡੀਟੀਐੱਫ ਤੋਂ ਬਲਜਿੰਦਰ ਸਿੰਘ,1158 ਪ੍ਰੋ.ਅਤੇ ਲਾਇਬ੍ਰੇਰੀਅਨ ਫਰੰਟ ਤੋਂ ਜਸਕਰਨ ਸਿੰਘ, ਟੀਐੱਸਯੂ ਭੰਗਲ ਤੋਂ ਚੰਦਰ ਸ਼ਰਮਾ, ਪੀਐੱਸਯੂ. (ਸ਼ਹੀਦ ਰੰਧਾਵਾ) ਤੋਂ ਗੁਰਵਿੰਦਰ ਸਿੰਘ,ਪੈਨਸ਼ਨਰਜ਼ ਐਸੋਸੀਏਸ਼ਨ ਤੋਂ ਮਹਿੰਦਰਪਾਲ ਸਿੰਘ, ਪੀਐੱਸਯੂ.(ਲਲਕਾਰ) ਤੋਂ ਪਰਮਿੰਦਰ ਕੌਰ, ਡੀਟੀਐੱਫ. ਤੋਂ ਬੇਅੰਤ ਸਿੰਘ ਫੂਲੇਵਾਲਾ, ਪਲਸ ਮੰਚ ਤੋਂ ਜਗਸੀਰ ਜੀਦਾ ਆਦਿ ਆਗੂ ਹਾਜ਼ਰ ਸਨ। ਇਸ ਮੌਕੇ ਏਡੀਸੀ ਵੱਲੋਂ ਵਫ਼ਦ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਗਿਆ।