‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਬਜ਼ੁਰਗਾਂ ਦੀ ਕੀਤੀ ਜਾਂਚ
ਸਾਡੇ ਬਜੁਰਗ ਸਾਡਾ ਮਾਣ ਮੁਹਿੰਮ ਤਹਿਤ ਕੈਂਪ ਲਾਇਆ
Publish Date: Wed, 18 Feb 2026 06:48 PM (IST)
Updated Date: Thu, 19 Feb 2026 04:07 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ
“ਸਾਡੇ ਬਜੁਰਗ ਸਾਡਾ ਮਾਣ” ਮੁਹਿੰਮ ਤਹਿਤ ਆਸਰਾ ਬਿਰਧ ਆਸ਼ਰਮ, ਨੇੜੇ ਮਾਲਵਾ ਦੂਖ ਨਿਵਾਰਣ ਅੱਖਾਂ ਦਾ ਹਸਪਤਾਲ ਮੌੜ ਮੰਡੀ ਵਿਖੇ ਮੈਡੀਕਲ ਤੇ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਸਮਾਗਮ ’ਚ ਉਪ ਮੰਡਲ ਮੈਜਿਸਟ੍ਰੇਟ ਮੌੜ ਸੁਖਰਾਜ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੌੜ ਸੁਖਰਾਜ ਸਿੰਘ ਢਿੱਲੋਂ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਡੀਐੱਲਐੱਸਏ ਰਾਹੀਂ ਬਜ਼ੁਰਗਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ, ਜਦਕਿ ਬੈਂਕਿੰਗ ਸੇਵਾਵਾਂ ਤੇ ਸਾਈਬਰ ਕਰਾਈਮ ਬਰਾਂਚ ਵੱਲੋਂ ਵਿੱਤੀ ਧੋਖਾਧੜੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਮਾਣਯੋਗ ਤੇ ਸੁਰੱਖਿਅਤ ਜੀਵਨ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਉਨ੍ਹਾਂ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਵੀ ਬਜ਼ੁਰਗ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਰਸ਼ਦੀਪ ਕੌਰ ਵੱਲੋਂ ਬੁਢਾਪਾ ਪੈਨਸ਼ਨ, ਸੀਨੀਅਰ ਸਿਟੀਜਨ ਕਾਰਡ ਅਤੇ ਹੋਰ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਸਰਕਾਰੀ ਸਹਾਇਤਾ ਪ੍ਰਣਾਲੀ ਨਾਲ ਜੋੜਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ। ਇਸ ਕੈਂਪ ਦੌਰਾਨ ਬਜੁਰਗਾਂ ਦੀ ਮੁਫ਼ਤ ਸਿਹਤ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਤੇ ਨਜ਼ਰ ਵਾਲੀਆਂ ਐਨਕਾਂ ਵੀ ਵੰਡੀਆਂ ਗਈਆਂ। ਮੋਤੀਆਬਿੰਦ ਆਪ੍ਰੇਸ਼ਨ ਲਈ ਪੂਰਵ ਮੁਲਾਂਕਣ ਵੀ ਕੀਤਾ ਗਿਆ, ਤਾਂ ਜੋ ਯੋਗ ਬਜੁਰਗਾਂ ਵੱਲੋਂ ਆਪਣੇ ਮੁਫ਼ਤ ਆਪ੍ਰੇਸ਼ਨ ਕਰਵਾਏ ਜਾ ਸਕਣ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਖਜਿੰਦਰ ਸਿੰਘ, ਬਾਲ ਵਿਕਾਸ ਪ੍ਰੋਜੈਕਟ ਅਫਸਰ ਬਹਾਦਰ ਸਿੰਘ, ਇੰਸਪੈਕਟਰ ਬਲਵਿੰਦਰ ਸਿੰਘ (ਸਾਈਬਰ ਕਰਾਈਮ ਬਰਾਂਚ) ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।