ਸੇਂਟ ਜ਼ੇਵੀਅਰਜ਼ ਸਕੂਲ ਨੇ ਪਾਵਰ ਲਿਫਟਿੰਗ ‘ਚ ਜਿੱਤਿਆ ਸੋਨੇ ਦਾ ਮੈਡਲ
ਸੇਂਟ ਜ਼ੇਵੀਅਰਜ਼ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ, ਪਾਵਰ ਲਿਫਟਿੰਗ ‘ਚ ਸੋਨੇ ਦਾ ਤਮਗਾ ਜਿੱਤਿਆ
Publish Date: Tue, 17 Feb 2026 07:36 PM (IST)
Updated Date: Wed, 18 Feb 2026 04:13 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : 45ਵੀਆਂ ਅੰਤਰ-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਪੰਜਾਬ ’ਚ ਰਾਮਪੁਰਾ ਫੂਲ ਦੇ ਨਾਮਵਰ ਸੇਂਟ ਜ਼ੇਵੀਅਰਜ਼ ਸਕੂਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਬਠਿੰਡਾ ਦਾ ਨਾਂ ਰੌਸ਼ਨ ਕੀਤਾ। ਅੰਡਰ-11 ਟੀਮ ਨੇ ਪਹਿਲਾ ਮੈਚ ਕਪੂਰਥਲਾ ਦੀ ਟੀਮ ਖ਼ਿਲਾਫ਼ 3-0 ਨਾਲ ਜਿੱਤਿਆ। ਦੂਜੇ ਮੈਚ ’ਚ ਲੁਧਿਆਣਾ ਨੂੰ 1-0 ਨਾਲ ਹਰਾਕੇ ਸੈਮੀਫ਼ਾਈਨਲ ’ਚ ਦਾਖਲਾ ਪੱਕਾ ਕੀਤਾ। ਸੈਮੀਫ਼ਾਈਨਲ ‘ਚ ਸ਼ਹੀਦ ਭਗਤ ਸਿੰਘ ਨਗਰ ਨਾਲ ਰੋਮਾਂਚਕ ਮੁਕਾਬਲੇ ਦੌਰਾਨ ਟੀਮ ਨੇ ਪੈਨਲਟੀ ਸ਼ੂਟਆਉਟ ਰਾਹੀਂ ਜਿੱਤ ਦਰਜ ਕੀਤੀ। ਫਾਈਨਲ ਮੁਕਾਬਲੇ ਵਿੱਚ ਪਟਿਆਲਾ ਦੀ ਟੀਮ ਖ਼ਿਲਾਫ਼ ਖਿਡਾਰੀਆਂ ਨੇ ਬਾਲ ’ਤੇ ਕਬਜ਼ਾ ਬਰਕਰਾਰ ਰੱਖਦਿਆਂ ਵਿਰੋਧੀ ਟੀਮ ਨੂੰ ਗੋਲ ਕਰਨ ਦਾ ਮੌਕਾ ਨਾ ਦਿੱਤਾ। ਆਖ਼ਰਕਾਰ ਪੈਨਲਟੀ ਸ਼ੂਟਆਉਟ ਵਿੱਚ ਜਿੱਤ ਹਾਸਲ ਕਰਕੇ ਖਿਤਾਬ ਆਪਣੇ ਨਾਂ ਕੀਤਾ। ਸਟੇਡੀਅਮ ’ਚ ਮੌਜੂਦ ਦਰਸ਼ਕਾਂ ਨੇ ਟੀਮ ਦੀ ਤਾੜੀਆਂ ਨਾਲ ਖੂਬ ਹੌਸਲਾ ਅਫ਼ਜ਼ਾਈ ਕੀਤੀ। ਇਸ ਦੇ ਨਾਲ ਹੀ ਸਕੂਲ ਦੀ ਹੋਣਹਾਰ ਵਿਦਿਆਰਥਣ ਪਰੀਸਾ ਗਰਗ ਨੇ ਪੰਜਾਬ ਪੱਧਰੀ ਕਲਾਸਿਕ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ 52 ਕਿਲੋ ਵਰਗ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਜ਼ਿਲ੍ਹੇ ਦੀ ਅਗਵਾਈ ਕੀਤੀ। ਸਕੂਲ ਦੇ ਪ੍ਰਿੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਤੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਨੇ ਖਿਡਾਰੀਆਂ ਅਤੇ ਕੋਚਿੰਗ ਸਟਾਫ ਗੁਰਪਿੰਦਰ ਸਿੰਘ ਭੁੱਲਰ, ਪਰਮਿੰਦਰ ਸਿੰਘ, ਅਮਨਦੀਪ ਕੌਰ ਅਤੇ ਜੋਤੀ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਉਡਾਣਾਂ ਭਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੋਆਰਡੀਨੇਟਰ ਪ੍ਰੇਮ ਲਤਾ, ਅੰਜੂ ਬਾਲਾ ਅਤੇ ਸਕੂਲ ਸਟਾਫ਼ ਵੀ ਹਾਜ਼ਰ ਸੀ।