ਪੰਜਾਬ ਕੇਂਦਰੀ ’ਵਰਸਿਟੀ ’ਚ ਦੋ ਦਿਨਾ ਸੂਬਾ ਪੱਧਰੀ ਵਰਕਸ਼ਾਪ ਸ਼ੁਰੂ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਚ ਦੋ ਦਿਨਾਂ ਰਾਜ ਪੱਧਰੀ ਵਰਕਸ਼ਾਪ ਸ਼ੁਰੂ
Publish Date: Tue, 17 Feb 2026 06:56 PM (IST)
Updated Date: Wed, 18 Feb 2026 04:10 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ “ਪੰਜਾਬ ’ਚ ਭੂਮੀਗਤ ਪਾਣੀ ਦੀ ਗੁਣਵੱਤਾ ਤੇ ਚੁਣੌਤੀਆਂ” ਵਿਸ਼ੇ ‘ਤੇ ਦੋ ਦਿਨਾ ਸੂਬਾ ਪੱਧਰੀ ਵਰਕਸ਼ਾਪ ਦੀ ਸ਼ੁਰੂਆਤ ਹੋਈ। ਵਰਕਸ਼ਾਪ ’ਚ ਵਿਗਿਆਨੀ, ਮਾਹਿਰ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ ਤੇ ਪਾਣੀ ਸੰਕਟ ਦੇ ਹੱਲਾਂ ‘ਤੇ ਵਿਚਾਰ-ਵਟਾਂਦਰਾ ਕੀਤਾ। ਵਾਤਾਵਰਨ ਵਿਗਿਆਨ ਤੇ ਤਕਨਾਲੋਜੀ ਵਿਭਾਗ ਵੱਲੋਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਕਰਵਾਈ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਤੇ ਖੋਜਾਰਥੀਆਂ ਨੂੰ ਭੂਮੀਗਤ ਪਾਣੀ ਦੀ ਨਿਗਰਾਨੀ, ਸੰਭਾਲ ਤੇ ਪ੍ਰਬੰਧਨ ਬਾਰੇ ਵਿਗਿਆਨਕ ਜਾਣਕਾਰੀ ਪ੍ਰਦਾਨ ਕਰਨਾ ਹੈ। ਉਦਘਾਟਨ ਸਮਾਗਮ ਦੌਰਾਨ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਕਿਹਾ ਕਿ ਭੂਮੀਗਤ ਪਾਣੀ ਦਾ ਘਟਣਾ ਤੇ ਪ੍ਰਦੂਸ਼ਣ ਗੰਭੀਰ ਚੁਣੌਤੀ ਹੈ, ਜਿਸ ਦਾ ਹੱਲ ਵਿਗਿਆਨਕ ਤਰੀਕਿਆਂ ਨਾਲ ਲੱਭਣਾ ਲਾਜ਼ਮੀ ਹੈ। ਪ੍ਰੋ. ਸੁਨੀਲ ਮਿੱਤਲ ਨੇ ਸਵਾਗਤ ਭਾਸ਼ਣ ਦਿੱਤਾ ਜਦਕਿ ਡਾ. ਪੀਕੇ. ਸਾਹੂ ਨੇ ਲੰਬੇ ਸਮੇਂ ਲਈ ਪਾਣੀ ਦੀ ਸੁਰੱਖਿਆ ਉੱਤੇ ਜ਼ੋਰ ਦਿੱਤਾ। ਮੁੱਖ ਬੁਲਾਰੇ ਤੇ ਕੇਂਦਰੀ ਭੂਮੀਗਤ ਜਲ ਬੋਰਡ ਦੀ ਵਿਗਿਆਨੀ ਅਮਨਦੀਪ ਕੌਰ ਨੇ ਦੱਸਿਆ ਕਿ ਪੰਜਾਬ ’ਚ ਕੁਦਰਤੀ ਰੀਚਾਰਜ ਨਾਲੋਂ ਕਾਫ਼ੀ ਵੱਧ ਪਾਣੀ ਕੱਢਿਆ ਜਾ ਰਿਹਾ ਹੈ, ਜਿਸ ਕਾਰਨ 117 ਬਲਾਕ ਓਵਰ-ਐਕਸਪਲੋਇਟਡ ਐਲਾਨੇ ਜਾ ਚੁੱਕੇ ਹਨ। ਡਾ. ਗੋਪਾਲ ਕ੍ਰਿਸ਼ਨ ਨੇ ਆਈਸੋਟੋਪ ਤਕਨਾਲੋਜੀ ਰਾਹੀਂ ਪਾਣੀ ਦੇ ਸਰੋਤ ਤੇ ਉਮਰ ਬਾਰੇ ਜਾਣਕਾਰੀ ਹਾਸਲ ਕਰਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਪੀਆਰਐੱਸਸੀ ਦੇ ਡਾਇਰੈਕਟਰ ਡਾ. ਬ੍ਰਿਜੇਂਦਰ ਪਟੇਰੀਆ ਨੇ ਕਿਹਾ ਕਿ ਸੂਬੇ ’ਚ ਲਗਭਗ 80–85 ਫੀਸਦੀ ਭੂਮੀਗਤ ਪਾਣੀ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਜੀਆਈਐੱਸ, ਸੈਟੇਲਾਈਟ ਤੇ ਏਆਈ ਤਕਨਾਲੋਜੀ ਰਾਹੀਂ ਨਿਗਰਾਨੀ ਤੇ ਭਵਿੱਖਬਾਣੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।