7 ਦਿਨਾ ਰਾਸ਼ਟਰੀ ਸੇਵਾ ਯੋਜਨਾ ਦੇ ਕੈਂਪਾਂ ਦੀ ਲੜੀ ਸ਼ੁਰੂ
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ 7 ਰੋਜ਼ਾ ਰਾਸ਼ਟਰੀ
Publish Date: Tue, 17 Feb 2026 05:07 PM (IST)
Updated Date: Wed, 18 Feb 2026 04:06 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਨਐਸਐਸ ਵਿਭਾਗ ਵੱਲੋਂ ਸੱਤ ਰੋਜ਼ਾ ਕੈਂਪਾਂ ਦੀ ਲੜੀ ਦਾ ਆਗਾਜ਼ ਮੁੱਖ ਮਹਿਮਾਨ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਕੀਤਾ। ਆਗਾਜ਼ ਮੌਕੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਿੰਘ ਨੇ ਦੱਸਿਆ ਕਿ ਕੈਂਪਾਂ ਵਿੱਚ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੀ ਸਾਫ਼-ਸਫਾਈ ਪ੍ਰਤੀ ਜਾਗਰੂਕਤਾ, ਰੁਜ਼ਗਾਰ ਸੰਬੰਧੀ ਉੱਭਰ ਰਹੀਆਂ ਨਵੀਆਂ ਸੰਭਾਵਨਾਵਾਂ, ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ, ਜੈਵਿਕ ਖੇਤੀ, ਖੇਤੀ ਸਹਾਇਕ ਧੰਦੇ ਜਿਵੇਂ ਮੱਛੀ ਪਾਲਣ, ਮਧੂਮੱਖੀ ਪਾਲਣ, ਮਸ਼ਰੂਮ ਦੀ ਪੈਦਾਵਾਰ ਸੰਬੰਧੀ ਜਾਣਕਾਰੀ ਮਾਹਿਰਾਂ ਵੱਲੋਂ ਦਿੱਤੀ ਜਾਏਗੀ। ਕੈਂਪ ਦੇ ਦੂਜੇ ਦਿਨ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ, ਇੰਜੀ. ਸੁਖਵਿੰਦਰ ਸਿੰਘ ਤੇ ਪਰੋ ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਫੁੱਲਾਂ ਦੇ ਪੌਦੇ ਲਗਾਏ। ਇਸ ਮੌਕੇ ਪ੍ਰਬੰਧਕੀ ਨਿਰਦੇਸ਼ਕ ਨੇ ਵਰਸਿਟੀ ਵਿੱਚ ਵੱਖ-ਵੱਖ ਕਿਸਮ ਦੇ ਫੁੱਲਾਂ ਅਤੇ ਛਾਂਦਾਰ ਪੌਦੇ ਲਗਾਉਣ ਲਈ ਕਿਹਾ ਤਾਂਕਿ ਵਰਸਿਟੀ ਦਾ ਆਲਾ-ਦੁਆਲਾ ਖੁਸ਼ਬੂਦਾਰ ਅਤੇ ਮਨਮੋਹਕ ਬਣ ਸਕੇ।
ਇਸ ਮੌਕੇ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਜ਼ਿਲ੍ਹਾ ਅਫ਼ਸਰ ਮਾਨਸਾ ਸਰਬਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਡਾਇਰੈਕਟਰ ਵਿਦਿਆਰਥੀ ਭਲਾਈ ਸਿੱਧੂ ਨੇ ਦੱਸਿਆ ਕਿ ਕੈਂਪਾਂ ਦੀ ਲੜੀ ਦੌਰਾਨ ਵਰਸਿਟੀ ਵੱਲੋਂ ਗੋਦ ਲਏ ਗਏ ਪਿੰਡਾਂ ਦੇ ਆਲੇ-ਦੁਆਲੇ ਸਫਾਈ ਮੁਹਿੰਮ ਚਲਾਈ ਜਾਏਗੀ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਪਿੰਡ ਬਹਿਣੀਵਾਲ ਵਿੱਚ ਲਗਾਏ ਕੈਂਪ ਦਾ ਜ਼ਿਕਰ ਕਰਦੇ ਦੱਸਿਆ ਕਿ ਕੈਂਪ ਵਿੱਚ ਇੰਜੀ. ਜਗਦੀਸ਼ ਗਰੋਵਰ ਵੱਲੋਂ ਐਨਐਸਐਸ ਵਲੰਟੀਅਰਾਂ ਨੂੰ ਹੁਨਰ ਵਿਕਾਸ ਸੰਬੰਧੀ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਯੂਨੀਵਰਸਿਟੀ ਵੱਲੋਂ ਵੰਡੇ ਜਾ ਰਹੇ ਉੱਕਤ ਤੇ ਨਵੇਂ ਸੁਧਰੇ ਬੀਜਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ। ਐਨਐਸਐਸ ਕੁਆਰਡੀਨੇਟਰ ਨਰਿੰਦਰ ਕੌਰ ਨੇ ਦੱਸਿਆ ਕਿ ਵਰਿਸਟੀ ਦੇ ਐਨਐਸਐਸ ਵਿਭਾਗ ਵੱਲੋਂ ਪ੍ਰੋਗਰਾਮ ਅਫ਼ਸਰ ਡਾ. ਪ੍ਰਿਅੰਕਾ, ਇੰਜੀ. ਬੂਟਾ ਸਿੰਘ, ਇੰਜੀ. ਜਸਵਿੰਦਰ ਸਿੰਘ, ਡਾ. ਸਰਿਤਾ, ਡਾ. ਗੁਲਾਮ ਸਰਵਰ ਦੀ ਦੇਖਰੇਖ ਹੇਠ ਵੱਖ-ਵੱਖ ਪਿੰਡਾਂ ਵਿਚ ਲਗਾਤਾਰ ਸੱਤ ਰੋਜਾ ਦਾ ਕੈਂਪ ਲਗਾਏ ਜਾ ਰਹੇ ਹਨ। ਜਿਸ ਵਿਚ ਵਲੰਟੀਅਰਾਂ ਤੇ ਪਿੰਡ ਵਾਸੀਆਂ ਨੂੰ ਸਮਾਜਿਕ ਸੇਵਾ ਦੇ ਪ੍ਰੋਜੈਕਟ ਨਾਲ ਜੋੜਿਆ ਜਾਏਗਾ। ਇਸ ਤੋਂ ਇਲਾਵਾ ਲੋਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਮਾਹਿਰਾਂ ਦੇ ਲੈਕਚਰ ਵੀ ਕਰਵਾਏ ਜਾਣਗੇ। ਕੈਂਪ ਵਿਚ ਅੰਧ-ਵਿਸ਼ਵਾਸ ਆਦਿ ਨੂੰ ਖਤਮ ਕਰਨ ਲਈ ਜਸਵੀਰ ਸਿੰਘ ਵੱਲੋਂ ਸਾਇੰਸ ਆਧਾਰਿਤ ਟ੍ਰਿਕਸ ਵੀ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਕੈਪਾਂ ਵਿਚ 13 ਫੈਕਲਟੀਆਂ ਦੇ ਲਗਭਗ 700 ਵਲੰਟੀਅਰ ਸਮਾਜ ਸੇਵਾ ਦੇ ਕੰਮਾਂ ਵਿੱਚ ਯੋਗਦਾਨ ਪਾਉਣਗੇ।