ਮੇਅਰ ਨੇ ਕਮਿਊਨਿਟੀ ਹਾਲ ਤੇ ਮੰਦਰ ਦਾ ਰੱਖਿਆ ਨੀਂਹ ਪੱਥਰ
ਮੇਅਰ ਨੇ ਕਮਿਊਨਿਟੀ ਹਾਲ ਅਤੇ ਮੰਦਰ ਦਾ ਨੀਂਹ ਪੱਥਰ ਰੱਖਿਆ
Publish Date: Mon, 16 Feb 2026 07:56 PM (IST)
Updated Date: Tue, 17 Feb 2026 04:10 AM (IST)
-ਕਿਹਾ, 1,000 ਗਜ਼ ਥਾਂ ’ਤੇ ਕਰੀਬ 98 ਲੱਖ ਰੁਪਏ ਦੀ ਆਵੇਗੀ ਲਾਗਤ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਹਾਸ਼ਿਵਰਾਤਰੀ ਮੌਕੇ ‘ਤੇ ਬਠਿੰਡਾ ਦੇ ਲਾਈਨੋਂ ਪਾਰ ਖੇਤਰ ਵਿਚ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਵਾਰਡ ਨੰਬਰ 48 ਵਿਚ ਕਮਿਊਨਿਟੀ ਹਾਲ ਅਤੇ ਸ਼ਾਨਦਾਰ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਕਮਿਊਨਿਟੀ ਹਾਲ ਲਗਭਗ 1,000 ਗਜ਼ ਜਗ੍ਹਾ ’ਤੇ ਕਰੀਬ 98 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਰਸਮੀ ਸਮਾਗਮ ਦੌਰਾਨ ਮਹਿਤਾ ਪਰਿਵਾਰ ਵੱਲੋਂ ਪੂਜਾ ਅਰਚਨਾ ਕਰਕੇ ਮੰਦਰ ਦੇ ਨਿਰਮਾਣ ਦਾ ਸ਼ੁਭ ਆਰੰਭ ਕੀਤਾ ਗਿਆ।
ਇਸ ਮੌਕੇ ਮੇਅਰ ਦੇ ਪਿਤਾ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਮਾਤਾ ਬਬੀਤਾ ਮਹਿਤਾ, ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ, ਕੌਂਸਲਰ ਸਾਹਿਬਾਨ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਇਲਾਕਾ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਕ ਸਾਲ ਪਹਿਲਾਂ ਇਸ ਖੇਤਰ ਵਿਚ ਨਾ ਮੰਦਰ ਸੀ ਅਤੇ ਨਾ ਹੀ ਸਮਾਜਿਕ ਸਮਾਗਮਾਂ ਲਈ ਹਾਲ, ਪਰ ਹੁਣ ਵਿਕਾਸ ਦੇ ਨਵੇਂ ਕੰਮ ਸ਼ੁਰੂ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸੜਕਾਂ, ਪਾਰਕਾਂ ਦੇ ਵਿਕਾਸ ਤੋਂ ਬਾਅਦ ਹੁਣ ਕਮਿਊਨਿਟੀ ਹਾਲ ਅਤੇ ਮੰਦਰ ਦੀ ਉਸਾਰੀ ਨਾਲ ਵਸਨੀਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਨੇ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਸ਼ਹਿਰ ਨੂੰ ਮਾਡਲ ਸਿਟੀ ਬਣਾਉਣ ਲਈ ਯਤਨ ਜਾਰੀ ਹਨ। ਸਮਾਗਮ ਦੌਰਾਨ ਉਨ੍ਹਾਂ ਦੱਸਿਆ ਕਿ ਮੰਦਰ ਲਈ ਵੱਖ-ਵੱਖ ਪਵਿੱਤਰ ਧਾਰਮਿਕ ਸਥਾਨਾਂ ਤੋਂ ਪਾਣੀ ਤੇ ਮਿੱਟੀ ਵੀ ਲਿਆਂਦੀ ਗਈ ਹੈ। ਇਲਾਕਾ ਵਾਸੀਆਂ ਨੇ ਇਸ ਪ੍ਰੋਜੈਕਟ ਨੂੰ ਇਤਿਹਾਸਕ ਕਦਮ ਕਰਾਰ ਦਿੱਤਾ।