ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ਪੀਲਾ ਪੰਜਾ
ਤਲਵੰਡੀ ਸਾਬੋ ‘ਚ ਨਜਾਇਜ਼ ਕਬਜ਼ਿਆਂ ‘ਤੇ ਚੱਲਿਆ ਪੀਲਾ ਪੰਜਾ
Publish Date: Mon, 16 Feb 2026 07:22 PM (IST)
Updated Date: Tue, 17 Feb 2026 04:09 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸਥਾਨਕ ਸ਼ਹਿਰ ਅੰਦਰ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਰਕਾਰ ਦਾ “ਪੀਲਾ ਪੰਜਾ” ਇਕ ਵਾਰ ਫਿਰ ਤੀਬਰਤਾ ਨਾਲ ਚੱਲਿਆ। ਇਸ ਲੜੀ ਤਹਿਤ ਅੱਜ ਖੰਡਾ ਚੌਕ ਤੋਂ ਗਿੱਲਾ ਵਾਲੇ ਖੂਹ ਤਕ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਾਂਦੀ ਮੁੱਖ ਸੜਕ ਦੇ ਸੁੰਦਰੀਕਰਨ ਲਈ ਨਗਰ ਕੌਂਸਲ ਵੱਲੋਂ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਗਈ। ਇਸ ਦੌਰਾਨ ਸੜਕਾਂ ਕੰਢੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ ਤੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਗਿਆ। ਨਗਰ ਕੌਂਸਲ ਪ੍ਰਧਾਨ ਕੁਲਵੀਰ ਕੌਰ ਸਰਾਮ ਦੇ ਸਪੁੱਤਰ ਹਲਕਾ ਕੋਆਰਡੀਨੇਟਰ ਹਰਜੀਤ ਸਿੰਘ ਸਰਾਂ ਨੇ ਜਾਣਕਾਰੀ ਦਿੱਤੀ ਕਿ ਕੁਝ ਦੁਕਾਨਦਾਰਾਂ ਵੱਲੋਂ ਸੜਕਾਂ ‘ਤੇ ਕੀਤੇ ਗਏ ਗ਼ੈਰ-ਕਾਨੂੰਨੀ ਕਬਜ਼ਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ, ਜਿਸ ਨੂੰ ਨਗਰ ਕੌਂਸਲ ਦੀ ਟੀਮ ਤੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਹਟਾਇਆ ਗਿਆ। ਇਹ ਮੁਹਿੰਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੀ ਅਗਵਾਈ ਹੇਠ ਚੱਲ ਰਹੇ ਸੁੰਦਰੀਕਰਨ ਅਭਿਆਨ ਦਾ ਹਿੱਸਾ ਹੈ। ਨਗਰ ਕੌਂਸਲ ਦੇ ਜੇਈ ਦਵਿੰਦਰ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਕੰਮ ਜਾਰੀ ਹਨ ਅਤੇ ਸਾਰੇ ਪ੍ਰੋਜੈਕਟ ਵਿਸਾਖੀ ਤੋਂ ਪਹਿਲਾਂ ਮੁਕੰਮਲ ਕਰਨ ਦਾ ਟਾਰਗੇਟ ਰੱਖਿਆ ਹੈ। ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਸੜਕਾਂ, ਸਫ਼ਾਈ ਅਤੇ ਬੁਨਿਆਦੀ ਢਾਂਚੇ ਨੂੰ ਸੁਧਾਰਿਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਨੇ ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਤਲਵੰਡੀ ਸਾਬੋ ਨੂੰ ਸੁੰਦਰ ਅਤੇ ਵਿਵਸਥਿਤ ਸ਼ਹਿਰ ਬਣਾਉਣ ’ਚ ਮਦਦ ਮਿਲੇਗੀ। ਇਸ ਮੌਕੇ ਬਲਵਿੰਦਰ ਸਿੰਘ ਗਿੱਲ, ਕੁਲਦੀਪ ਸਿੰਘ ਕੀਪਾ, ਮਨਪ੍ਰੀਤ ਸਿੰਘ ਸੋਨੀ, ਗੁਰਦੀਪ ਸਿੰਘ ਬੀਹਲਾ, ਅਮਰਦੀਪ ਸਿੰਘ ਡਿੱਕ ਸੀਨੀਅਰ ਆਪ ਆਗੂ, ਬਲਾਕ ਪ੍ਰਧਾਨ ਤਰਸੇਮ ਕੁਮਾਰ ਸਿੰਗਲਾ, ਟੋਨੀ ਸਿੰਘ, ਨਿੱਪੀ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਰਹੇ।